
ਗੋਲੀਕਾਂਡ ਵਾਲੀ ਥਾਂ ’ਤੇ ਧਰਨਾ ਚੌਥੇ ਦਿਨ ਵੀ ਜਾਰੀ
ਸਰਕਾਰਾਂ ਨੂੰ ਦੋਸ਼ੀਆਂ ਬਾਰੇ ਜਾਣਕਾਰੀ ਤਾਂ ਹੈ ਪਰ ਉਹ ਮਾਮਲੇ ਦਾ ਹੱਲ ਨਹੀਂ ਚਾਹੁੰਦੀਆਂ : ਨਿਆਮੀਵਾਲਾ
ਕੋਟਕਪੂਰਾ, 19 ਦਸੰਬਰ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉਪਰ ਤੀਜੇ ਦਿਨ ਅਰਥਾਤ 14 ਅਕਤੂਬਰ ਨੂੰ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਵਾਲੇ ਘਟਨਾ ਸਥਾਨ ’ਤੇ ਪੀੜਤ ਪ੍ਰਵਾਰਾਂ ਵਲੋਂ ਨਿਆਂ ਪ੍ਰਾਪਤੀ ਲਈ ਲਾਇਆ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਧਰਨੇ ’ਤੇ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਬੈਠੇ ਹਨ। ਉਨ੍ਹਾਂ ਦਾ ਸਾਥ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ ਦਿਤਾ ਜਾ ਰਿਹਾ ਹੈ। ਦਿਨ-ਰਾਤ ਦੇ ਇਸ ਬੇਮਿਆਦੀ ਧਰਨੇ ’ਚ ਸਿੱਖ ਚਿੰਤਕਾਂ, ਪੰਥਕ ਆਗੂਆਂ, ਪੰਥਦਰਦੀਆਂ ਅਤੇ ਆਮ ਸੰਗਤ ਵਲੋਂ ਵੀ ਹਾਜ਼ਰੀ ਲਵਾਈ ਜਾ ਰਹੀ ਹੈ।
ਪੀੜਤ ਪ੍ਰਵਾਰਾਂ ਦੇ ਜੀਆਂ ਦੀ ਸ਼ਿਕਾਇਤ ਹੈ ਕਿ 2015 ’ਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸਾਂ ਦੇ ਦੋਸ਼ੀਆਂ ਨੂੰ ਫੜ੍ਹਨ ਵਿਚ ਸਮੇਂ ਦੀਆਂ ਸਰਕਾਰਾਂ ਨਾਕਾਮ ਰਹੀਆਂ ਹਨ। ਉਨ੍ਹਾਂ ਆਖਿਆ ਕਿ ਇਨਸਾਫ਼ ਹਾਸਲ ਕਰਨ ਲਈ ਉਨ੍ਹਾਂ ਨੂੰ ਰੋਸ ਧਰਨੇ ਵਾਲਾ ਰਾਹ ਅਖ਼ਤਿਆਰ ਕਰਨਾ ਪਿਆ। ਉਨ੍ਹਾਂ ਹਕੂਮਤਾਂ ’ਤੇ ਇਲਜ਼ਾਮ ਲਾਇਆ ਕਿ ਉਹ ਮਾਮਲੇ ’ਚ ਨਿਆਂ ਨਾ ਦੇ ਕੇ ਮਾਮਲੇ ਨੂੰ ਮਘਦਾ ਰੱਖਣਾ ਚਾਹੁੰਦੀਆਂ ਹਨ ਤਾਂ ਕਿ ਚੋਣਾਂ ਸਮੇਂ ਇਸ ’ਤੇ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ। ਉਨ੍ਹਾਂ ਦਾਅਵਾ ਕੀਤਾ ਹਾਲਾਂਕਿ ਸਰਕਾਰਾਂ ਨੂੰ ਦੋਸ਼ੀਆਂ ਬਾਰੇ ਜਾਣਕਾਰੀ ਹੈ ਪਰ ਉਹ ਮਾਮਲੇ ਦਾ ਹੱਲ ਨਹੀਂ ਚਾਹੁੰਦੀਆਂ। ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਨਿਆਂ ਹਾਸਲ ਕੀਤੇ ਬਗ਼ੈਰ ਉਹ ਪਿੱਛੇ ਨਹੀਂ ਹਟਣਗੇ। ਨਿਹੰਗ ਸਿੰਘ ਬੁੱਢਾ ਦਲ ਤਲਵੰਡੀ ਸਾਬੋ ਤੋਂ ਬਾਬਾ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਪੁਆਰ, ਸਿੱਖ ਯੂਥ ਪਾਵਰ ਆਫ਼ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਅਕਾਲੀ ਸਮੇਤ ਕੁੱਝ ਹੋਰ ਅਹਿਮ ਸ਼ਖ਼ਸੀਅਤਾਂ ਨੇ ਅੱਜ ਧਰਨੇ ਵਿਚ ਸ਼ਮੂਲੀਅਤ ਕੀਤੀ।