
ਰਾਜਾਸਾਂਸੀ ਦੇ ਪਿੰਡ ਪੰਜੂਰਾਏਂ ਦਾ ਰਹਿਣ ਵਾਲਾ ਸੀ ਮ੍ਰਿਤਕ ਸ਼ਿਵਰਾਜ ਸਿੰਘ
ਚੋਗਾਵਾਂ : ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਬਾਦਸਤੂਰ ਜਾਰੀ ਹੈ ਅਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਦੇ ਚਲਦਿਆਂ ਹੀ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਪੰਜੂਰਾਏਂ ਵਿਖੇ ਇਕ ਹੋਰ ਨੌਜੁਆਨ ਨਸ਼ਿਆਂ ਦੇ ਦਰਿਆ ਵਿੱਚ ਡੁੱਬ ਕੇ ਆਪਣੀ ਜਾਨ ਗਵਾ ਬੈਠਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਰਾਜ ਸਿੰਘ (30) ਪੁੱਤਰ ਬੂਟਾ ਸਿੰਘ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਆਦੀ ਸੀ । ਅੱਜ ਜਦੋਂ ਆਪਣੇ ਸਾਥੀਆਂ ਨਾਲ ਕਸਬਾ ਚੋਗਾਵਾਂ ਵਿਖੇ ਗਿਆ ਤਾਂ ਉੱਥੇ ਨਸ਼ੇ ਦਾ ਟੀਕਾ ਲਗਵਾਉਂਦਿਆਂ ਆਪਣੀ ਜਾਨ ਤੋਂ ਹੱਥ ਧੋ ਬੈਠਾ । ਮਿਰਤਕ ਦੀ ਭਰਾ ਭੱਤੂ ਸਿੰਘ ਨੇ ਭਰੇ ਮਨ ਨਾਲ ਦੱਸਿਆ ਸ਼ਿਵਰਾਜ ਨੂੰ ਰਿਸਤੇਦਾਰਾਂ ਅਤੇ ਸਨੇਹੀਆਂ ਨੇ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਸ਼ਿਆਂ ਦੀ ਲੱਤ ਤੋਂ ਆਪਣਾ ਖਹਿੜਾ ਨਹੀਂ ਛੁਡਾ ਸਕਿਆ।
ਇਸ ਸਬੰਧੀ ਗੱਲ ਕਰਦਿਆਂ ਤਰਕਸ਼ੀਲ ਆਗੂ ਡਾ: ਕੁਲਵਿੰਦਰ ਸਿੰਘ ਬੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਸ ਆਸ ਤਹਿਤ ਵੋਟਾਂ ਪਾਈਆਂ ਸਨ ਉਹ ਆਸਾਂ ਦਿਨੋਂ-ਦਿਨ ਚੂਰ ਹੁੰਦੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਸ਼ਿਆਂ ਵਿਰੁੱਧ ਠੋਸ ਰਣਨੀਤੀ ਉਲੀਕਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।