
ਤਰਨਤਾਰਨ: ਭਾਵੇਂ ਹਰਿਆਣਾ ਵਿਚ ਬਾਦਲ ਅਕਾਲੀ ਦਲ ਦੇ ਭਾਈਵਾਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਬਾਦਲ ਅਕਾਲੀ ਦਲ ਦੀ ਕੋਸ਼ਿਸ਼ ਰਹੀ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਨਾ ਦਿਤਾ ਜਾਵੇ ਪਰ 2017 ਵਿਚ ਹਰਿਆਣਾ ਕਮੇਟੀ ਨੇ ਸੂਬੇ ਦੇ ਤਕਰੀਬਨ ਸਾਰੇ ਸਮਾਗਮਾਂ ਵਿਚ ਸ਼ਮੂਲੀਅਤ ਕਰ ਕੇ ਅਪਣੀ ਹੋਂਦ ਦਾ ਅਹਿਸਾਸ ਦਿਵਾਇਆ। ਇਸ ਦੀ ਹਰਿਆਣਾ ਦੇ ਬਾਦਲ ਅਕਾਲੀ ਦਲ ਦੇ ਆਗੂਆਂ ਨੂੰ ਬੜੀ ਨਮੋਸ਼ੀ ਮਹਿਸੂਸ ਹੁੰਦੀ ਰਹੀ ਪਰ ਉਹ ਕੁੱਝ ਨਾ ਕਰ ਸਕੇ। ਇਸ ਤੋਂ ਇਲਾਵਾ ਇਸ ਸਾਲ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਨੇ ਸਿੱਖ ਵਿਦਵਾਨਾਂ ਨੂੰ ਸਨਮਾਨਤ ਕਰ ਕੇ ਬੁੱਧੀਜੀਵੀ ਵਰਗ ਨੂੰ ਵੀ ਅਪਣੇ ਨਾਲ ਜੋੜਿਆ। ਇਕ ਅੰਤਰ ਰਾਸ਼ਟਰੀ ਸਲਾਹਕਾਰ ਕਮੇਟੀ ਬਣਾ ਕੇ ਇਸ ਨੇ ਕੌਮਾਂਤਰੀ ਖੇਤਰ ਵਿਚ ਵੀ ਅਪਣੀ ਥਾਂ ਬਣਾਈ।
ਸਭ ਤੋਂ ਪਹਿਲਾਂ ਹਰਿਆਣਾ ਗੁਰਦੁਆਰਾ ਕਮੇਟੀ ਨੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗੁਰਬਚਨ ਸਿੰਘ ਵਲੋਂ ਪੰਥ ਵਿਚੋਂ ਕਥਿਤ ਤੌਰ ਤੇ ਛੇਕੇ ਪ੍ਰੋਂ ਦਰਸ਼ਨ ਸਿੰਘ ਨੂੰ ਪੰਥ ਰਤਨ ਦਾ ਐਵਾਰਡ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਤੇ ਕਈ ਸਿੱਖ ਵਿਦਵਾਨ ਤੇ ਹੋਰ ਸਰਕਰਦਾ ਆਗੂ ਵੀ ਸ਼ਾਮਲ ਹੋਏ ਸਨ। ਇਸ ਦਾ ਅਰਥ ਸਾਫ਼ ਸੀ ਕਿ ਹਰਿਆਣਾ ਗੁਰਦੁਆਰਾ ਕਮੇਟੀ ਬਾਦਲ ਅਕਾਲੀ ਦਲ ਦੇ ਜਥੇਦਾਰ ਨੂੰ ਰੱਦ ਕਰਦੀ ਹੈ। ਇਸ ਤੋਂ ਕੁੱਝ ਮਹੀਨੇ ਮਗਰੋਂ ਹਰਿਆਣਾ ਗੁਰਦੁਆਰਾ ਕਮੇਟੀ ਨੇ, ਜਥੇਦਾਰ ਗੁਰਬਚਨ ਸਿੰਘ ਵਲੋਂ ਸੋਸ਼ਲ ਬਾਈਕਾਟ ਵਲੋਂ ਸਮਾਜਕ ਬਾਈਕਾਟ ਦੇ ਹੁਕਮਨਾਮੇ ਦੇ ਸ਼ਿਕਾਰ, ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਹੀਰਾ-ਏ-ਕੌਮ (ਪੰਥ ਰਤਨ) ਦਾ ਐਵਾਰਡ ਵੀ ਦਿਤਾ। ਇਸ ਮੌਕੇ ਵੀ ਵਿਦਵਾਨਾਂ ਤੋਂ ਇਲਾਵਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਥ ਵਿੰਗ ਦੇ ਸਕੱਤਰ ਅੰਗਰੇਜ਼ ਸਿੰਘ ਪੰਨੂ, ਮੀਤ ਪ੍ਰਧਾਨ ਗੁਰਦੀਪ ਸਿੰਘ ਰੰਬਾ ਤੇ ਹੋਰ ਸਰਕਰਦਾ ਆਗੂ ਵੀ ਸ਼ਾਮਲ ਹੋਏ ਸਨ।
ਲੋਹਗੜ੍ਹ ਵਿਚ ਲੋਹਗੜ੍ਹ ਟਰਸਟ ਵਲੋਂ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਣਾ ਦੇ ਸਮਾਗਮ ਵਿਚ ਵੀ ਹਰਿਆਣਾ ਗੁਰਦੁਆਰਾ ਕਮੇਟੀ ਨੇ ਅਹਿਮ ਰੋਲ ਅਦਾ ਕੀਤਾ। ਇਸ ਸਮਾਗਮ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਨੇ ਸੰਬੋਧਨ ਵੀ ਕੀਤਾ ਅਤੇ ਉਨ੍ਹਾਂ ਦਾ, ਜਨਰਲ ਸਕੱਤਰ ਜੋਗਾ ਸਿੰਘ ਤੇ ਕਾਰਜਕਾਰਣੀ ਮੈਂਬਰ ਸ. ਨਰੂਲਾ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿਚ ਬਾਦਲ ਅਕਾਲੀ ਦਲ ਨੂੰ ਬੁਲਾਇਆ ਤਕ ਨਹੀਂ ਗਿਆ ਸੀ।
ਇਸ ਤਰ੍ਹਾਂ 2017 ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ (ਸਰਨਾ ਗਰੁਪ), ਸਿੰਘ ਸਭਾ ਸ਼ਤਾਬਦੀ ਕਮਟੀ, ਖ਼ਾਲਸਾ ਪੰਚਾਇਤ, ਗੁਰਮਤਿ ਟਕਸਾਲ, ਕੌਮਾਂਤਰੀ ਵਿਚਦਵਾਨਾਂ ਅਤੇ ਲੋਹਗੜ੍ਹ ਟਰਸਟ ਦੇ ਸਮਾਗਮਾਂ ਵਿਚ ਅਹਿਮ ਰੋਲ ਅਦਾ ਕਰ ਕੇ ਹਰਿਆਣਾ ਪ੍ਰਦੇਸ਼ ਵਿਚ ਅਪਣਾ ਸਿੱਕਾ ਜਮਾਇਆ। ਇਸ ਯੋਗਦਾਨ ਕਰ ਕੇ ਹਰਿਆਣਾ ਵਿਚ ਬਾਦਲ ਅਕਾਲੀ ਦਲ ਦਾ ਰਸਖ ਬਹੁਤ ਘੱਟ ਗਿਆ ਜਿਸ ਕਰ ਕੇ ਸੁਖਬੀਰ ਬਾਦਲ ਨੂੰ ਹਰਿਆਣਾ ਦੇ ਰਘੁਜੀਤ ਸਿੰਘ ਵਿਰਕ ਨੂੰ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਲਈ ਮਜਬੂਰ ਹੋਣਾ ਪਿਆ।