
ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪੱਤਰਕਾਰ ਕੰਵਰ ਸੰਧੂ ਨੇ ਪੰਜਾਬ ਦੇ ਗ਼ੈਰ ਕਾਂਗਰਸੀ ਵਿਧਾਨ ਸਭਾ ਹਲਕਿਆਂ ਲਈ ਵੀ ਪੰਜ ਕਰੋੜ ਰੁਪੈ ਸਾਲਾਨਾ ਫ਼ੰਡ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪੱਤਰਕਾਰ ਕੰਵਰ ਸੰਧੂ ਨੇ ਪੰਜਾਬ ਦੇ ਗ਼ੈਰ ਕਾਂਗਰਸੀ ਵਿਧਾਨ ਸਭਾ ਹਲਕਿਆਂ ਲਈ ਵੀ ਪੰਜ ਕਰੋੜ ਰੁਪੈ ਸਾਲਾਨਾ ਫ਼ੰਡ ਦੀ ਮੰਗ ਕੀਤੀ ਹੈ। ਉਨ੍ਹਾਂ ਅੱਜ ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਠੀ ਲਿਖ ਕੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੁੱਕਣ ਦੀ ਚਿਤਾਵਨੀ ਵੀ ਦਿਤੀ ਹੈ। ਦਸਣਯੋਗ ਹੈ ਕਿ ਮੁੱਖ ਮੰਤਰੀ, ਕਾਂਗਰਸ ਹਾਈਕਮਾਨ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵਲੋਂ ਅਪਣੀ ਪਾਰਟੀ ਦੇ ਵਿਧਾਇਕਾਂ ਨਾਲ ਇਸ ਹਫ਼ਤੇ 'ਪ੍ਰੀ-ਬਜਟ' ਬੈਠਕਾਂ
ਦਾ ਇਕ ਦੌਰ ਚਲਾਇਆ ਗਿਆ ਹੈ ਜਿਸ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕਿਆਂ ਦੇ ਵਿਕਾਸ ਲਈ ਇਹ ਫ਼ੰਡ ਮੁਹਈਆ ਕਰਵਾਇਆ ਜਾਣ ਦਾ ਵਾਅਦਾ ਕੀਤਾ ਗਿਆ ਹੈ। ਕੰਵਰ ਸੰਧੂ ਕੇਵਲ ਕਾਂਗਰਸ ਪਾਰਟੀ ਦੇ ਹੀ ਵਿਧਾਇਕਾਂ ਨਾਲ 'ਪ੍ਰੀ-ਬਜਟ' ਬੈਠਕਾਂ ਕੀਤੇ ਜਾਣ ਨੂੰ ਵੀ ਇਕ ਪਾਸੜ ਪਹੁੰਚ ਕਰਾਰ ਦਿਤਾ ਹੈ। ਸੰਧੂ ਨੇ ਕਿਹਾ ਕਿ ਅਜਿਹਾ ਕਰਕੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ-ਭਾਜਪਾ ਵਿਧਾਇਕਾਂ ਉਤੇ ਅਧਾਰਤ ਸੰਗਤ-ਦਰਸ਼ਨ ਪ੍ਰੋਗਰਾਮਾਂ ਦੀ ਰੀਤ ਹੀ ਅਗੇ ਤੋਰ ਲਈ ਹੈ।
ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਸਰਕਾਰ ਕਾਂਗਰਸ ਪਾਰਟੀ ਦੇ 78 ਵਿਧਾਇਕਾਂ ਦੇ ਹਲਕਿਆਂ ਲਈ 400 ਕਰੋੜ ਰੁਪਏ ਦਾ ਪ੍ਰਬੰਧ ਕਰ ਰਹੀ ਹੈ, ਜਦਕਿ ਪੰਜਾਬ ਦੇ ਸਾਰੇ 117 ਹਲਕਿਆਂ ਲਈ 585 ਕਰੋੜ ਰੁਪਏ ਦਾ ਪ੍ਰਬੰਧ ਕਰਨ ਦੀ ਲੋੜ ਹੈ। ਸੰਧੂ ਨੇ ਮੁੱਖ ਮੰਤਰੀ ਨੂੰ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੀਆਂ ਚਿਠੀਆਂ 'ਮੁੱਖ ਮੰਤਰੀ ਦਫ਼ਤਰ' ਵਲੋਂ ਜਾਣਬੁਝ ਅਨਖੋਲਿਆਂ ਹੀ ਫਾੜ ਕੇ ਰਦੀ ਦੀ ਟੋਕਰੀ 'ਚ ਸੁੱਟ ਦਿਤੀਆਂ ਜਾਂਦੀਆਂ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਪੁਸ਼ਟੀ ਜਾਂ ਜਵਾਬ ਹੀ ਦਿਤਾ ਜਾਂਦਾ ਹੈ।