
ਮਨਜੋਤ ਕੌਰ ਨੇ 18 ਹਜ਼ਾਰ ਫ਼ੁੱਟ ’ਤੇ ਸਕਾਈ ਡਾਈਵਿੰਗ ਜ਼ਰੀਏ ਕੀਤਾ ਕਿਸਾਨਾਂ ਦਾ ਪ੍ਰਚਾਰ
ਮਨਜੋਤ ਕੌਰ ਦਾ ਪ੍ਰਵਾਰ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਹੈ
ਫ਼ਰਿਜ਼ਨੋ, 20 ਜਨਵਰੀ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਵਿੱਢੇ ਅੰਦੋਲਨ ਨੂੰ ਦਿਨ ਪ੍ਰਤੀ ਦਿਨ ਮਜ਼ਬੂਤੀ ਮਿਲਦੀ ਜਾ ਰਹੀ ਹੈ। ਹਰ ਕਿਸੇ ਵਲੋਂ ਆਪੋ ਅਪਣੇ ਤਰੀਕੇ ਨਾਲ ਕਿਸਾਨੀ ਅੰਦੋਲਨ ਵਿਚ ਅਪਣਾ ਯੋਗਦਾਨ ਪਾਇਆ ਜਾ ਰਿਹਾ। ਇਸੇ ਲੜੀ ਤਹਿਤ ਫ਼ਰਿਜ਼ਨੋ ਵਿਚ ਰਹਿਣ ਵਾਲੀ ਪੰਜਾਬ ਦੀ ਧੀ ਮਨਜੋਤ ਕੌਰ ਨੇ ਵੀ 18 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਸਕਾਈ ਡਾਈਵਿੰਗ ਜ਼ਰੀਏ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਇਸ ਦੌਰਾਨ ਮਨਜੋਤ ਕੌਰ ਨੇ ਕਿਸਾਨਾਂ ਦੇ ਹੱਕ ਵਿਚ ‘ਨੋ ਫ਼ਾਰਮਰ ਨੋ ਫ਼ੂਡ’ ਵਾਲੀ ਟੀ ਸ਼ਰਟ ਪਾਈ ਹੋਈ ਸੀ।
ਇਸ ਮੌਕੇ ਮਨਜੋਤ ਕੌਰ ਗਿੱਲ ਨੇ ਆਖਿਆ ਕਿ ਉਹ ਕਿਸਾਨਾਂ ਦੀ ਸਪੋਰਟ ਵਿਚ ਇਹ ਕਾਰਨਾਮਾ ਕਰਨ ਜਾ ਰਹੀ ਹੈ। ਉਸ ਨੇ ਆਖਿਆ,‘‘ਮੈਂ ਸਰਕਾਰ ਨੂੰ ਦਸਣਾ ਚਾਹੁੰਦੀ ਹਾਂ ਕਿ ਅਸੀਂ ਕਿਸਾਨ ਹਾਂ ਅਤਿਵਾਦੀ ਨਹੀਂ।’’ ਉਸ ਨੇ ਆਖਿਆ ਕਿ ਮੇਰਾ ਸਾਰਾ ਪ੍ਰਵਾਰ ਬਿ੍ਰਟਿਸ਼ ਆਰਮੀ ਅਤੇ ਭਾਰਤੀ ਫ਼ੌਜ ਨਾਲ ਜੁੜਿਆ ਹੋਇਆ ਹੈ। ਦਸਣਯੋਗ ਹੈ ਕਿ ਮਨਜੋਤ ਕੌਰ ਦਾ ਪ੍ਰਵਾਰ ਕਿਸਾਨੀ ਨਾਲ ਜੁੜਿਆ ਹੋਇਆ ਜੋ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਾਫ਼ੀ ਸਾਲਾਂ ਤੋਂ ਕੈਲੇਫ਼ੋਰਨੀਆ ਦੇ ਸ਼ਹਿਰ ਫ਼ਰਿਜ਼ਨੋ ਵਿਚ ਰਹਿ ਰਿਹਾ ਹੈ।
ਮਨਜੋਤ ਕੌਰ ਦੇ ਪੜਦਾਦਾ ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫ਼ੌਜ ਵਿਚ ਸੇਵਾ ਨਿਭਾਅ ਰਹੇ ਸਨ। ਮਨਜੋਤ ਦੇ ਦਾਦਾ ਜੀ ਵੀ ਭਾਰਤੀ ਫ਼ੌਜ ਵਿਚ 1965 ਅਤੇ 71 ਦੀ ਜੰਗ ਲੜ ਚੁੱਕੇ ਹਨ। ਹੁਣ ਮਨਜੋਤ ਕੌਰ ਦਾ ਵੱਡਾ ਭਰਾ ਹਰਜੋਤ ਸਿੰਘ ਗਿੱਲ ਅਮਰੀਕੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਿਹਾ ਹੈ।