
ਪ੍ਰਕਾਸ਼ ਪੁਰਬ ਮੌਕੇ ਨਿਤੀਸ਼ ਕੁਮਾਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ
ਬਿਹਾਰ, 20 ਜਨਵਰੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ ਪਟਨਾ ਸਾਹਿਬ ਦੀ ਧਰਤੀ ’ਤੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬੁਧਵਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ।
ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਈ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਜਿਸ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਾਗੀਰ ਕੌਰ ਤੋਂ ਇਲਾਵਾ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉੱਘੇ ਸਮਾਜ ਸੇਵੀ ਐੱਸ. ਪੀ. ਸਿੰਘ ਉਬਰਾਏ ਵੀ ਪੁੱਜੇ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤ ਦਾ ਆਮਦ ਇਸ ਵਾਰ ਘੱਟ ਰਹੀ।
ਦਸਣਯੋਗ ਹੈ ਕਿ ਬੀਤੇ ਕਲ ਪਟਨਾ ਸਾਹਿਬ ਦੀ ਧਰਤੀ ’ਤੇ ਬਹੁਤ ਹੀ ਜਾਹੋ-ਜਲਾਲ ਨਗਰ ਕੀਰਤਨ ਸਜਾਇਆ ਗਿਆ। ਉਥੇ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਪਟਨਾ ਸਾਹਿਬ ਦੇ ਗੁਰਦਵਾਰਾ ਗਊ ਘਾਟ ਸਾਹਿਬ ਤੋਂ ਸਜਿਆ। ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਅਤੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿਤੀਆਂ। (ਏਜੰਸੀ)