
ਭਗਵੰਤ ਮਾਨ ਲੜਨਗੇ ਧੂਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ
'ਆਪ' ਮਜ਼ਬੂਤੀ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ ਅਪਣੀ ਸਰਕਾਰ ਬਣਾਏਗੀ : ਰਾਘਵ ਚੱਢਾ
ਚੰਡੀਗੜ੍ਹ, 20 ਜਨਵਰੀ (ਪਪ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਹਲਕਾ ਧੂਰੀ ਤੋਂ ਵਿਧਾਨ ਸਭਾ ਦੀ ਚੋਣ ਲੜਨਗੇ | ਇਸ ਗੱਲ ਦਾ ਪ੍ਰਗਟਾਵਾ ਮੁਹਾਲੀ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿਚ ਰਾਘਵ ਚੱਢਾ ਵਲੋਂ ਕੀਤਾ ਗਿਆ ਹੈ | ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਬੀਤੇ 50 ਸਾਲਾਂ ਦੌਰਾਨ ਅਕਾਲੀਆਂ ਅਤੇ ਕਾਂਗਰਸ ਨੇ ਪੰਜਾਬ ਨੂੰ ਲੁਟ ਕੇ ਖਾ ਲਿਆ ਹੈ ਅਤੇ ਹੁਣ ਲੋਕ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਨ |
ਉਨ੍ਹਾਂ ਕਿਹਾ ਕਿ ਲੋਕ ਭਗਵੰਤ ਮਾਨ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ 'ਚ ਅਪਣੀ ਸਰਕਾਰ ਬਣਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਵੇਖਣਾ ਚਾਹੁੰਦੇ ਹਨ, ਸੁਣਨਾ ਚਾਹੁੰਦੇ ਹਨ | ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਬਹੁਤ ਪਿਆਰ ਕਰਦੇ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਭਾਵੇਂ ਸੂਬੇ ਦੇ ਕਿਸੇ ਵੀ ਹਲਕੇ ਤੋਂ ਲੜਨ, ਉਹ ਜ਼ਰੂਰ ਜਿੱਤਣਗੇ |
ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਇਕ ਅਤੇ ਇਕ ਗਿਆਰਾ ਸਾਬਤ ਹੋਵੇਗੀ | 2015 ਤੋਂ ਲੈ ਕੇ 2021 ਤਕ ਅਰਵਿੰਦ ਕੇਜਰੀਵਾਲ ਨੇ ਜੋ ਦਿੱਲੀ ਵਿਚ ਮਾਡਲ ਵਿਖਾਇਆ ਹੈ, ਉਸ ਨੂੰ ਪੰਜਾਬ ਦੇ ਲੋਕ ਵੀ ਵੇਖਣਾ ਚਾਹੁੰਦੇ ਹਨ | ਮੈਨੂੰ ਲਗਦਾ ਹੈ ਕਿ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਹੀ ਇਕਲੌਤੀ ਪਾਰਟੀ ਹੈ ਜੋ ਅਪਣੇ ਸੀ.ਐਮ. ਦੇ ਚਿਹਰੇ ਦਾ ਐਲਾਨ ਕਰ ਕੇ ਵਿਧਾਨ ਸਭਾ ਚੋਣਾਂ ਲੜੇਗੀ | ਕਾਂਗਰਸ ਵਿਚ ਤਾਂ ਕਾਟੋ-ਕਲੇਸ਼ ਹੀ ਚੱਲ ਰਿਹਾ ਹੈ, ਜਿਨ੍ਹਾਂ ਨੇ ਅਜੇ ਤੱਕ ਸੀ. ਐੈੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਹੈ | ਇਸ ਦੇ ਨਾਲ ਹੀ ਨਾ ਹੀ ਭਾਜਪਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਰਸਮੀ ਤੌਰ 'ਤੇ ਐਲਾਨ ਕੀਤਾ ਗਿਆ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਧੂਰੀ ਹਲਕੇ ਤੋਂ ਕਾਂਗਰਸ ਵੱਲੋਂ ਦਲਵੀਰ ਗੋਲਡੀ ਨੂੰ ਉਮੀਦਵਾਰ ਰੂਪ ਵਿਚ ਐਲਾਨਿਆ ਗਿਆ, ਜਿਥੇ ਚੋਣਾਂ ਦੌਰਾਨ ਭਗਵੰਤ ਮਾਨ ਦਲਵੀਰ ਗੋਲਡੀ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ |