
ਚੰਨੀ ਦੇ ਰਿਸ਼ੇਤਦਾਰ 'ਤੇ ਈ.ਡੀ. ਦੀ ਕਾਰਵਾਈ ਦਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚਿਆ
ਕਾਂਗਰਸ ਵਲੋਂ ਸ਼ਿਕਾਇਤ ਬਾਅਦ ਕਮਿਸ਼ਨ ਦੇ ਮੈਂਬਰਾਂ ਨੇ ਕੀਤੀ ਵਰਚੂਅਲ ਸੁਣਵਾਈ, ਕਾਂਗਰਸ ਵਲੋਂ ਮਨੂੰ ਸਿੰਘਵੀ, ਸੁਰਜੇਵਾਲਾ ਤੇ ਹਰੀਸ਼ ਚੌਧਰੀ ਹੋਏ ਸ਼ਾਮਲ
ਚੰਡੀਗੜ੍ਹ, 20 ਜਨਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਚੋਣ ਮੁਹਿੰਮ ਦੇ ਚਲਦਿਆਂ ਪਿਛਲੇ ਦਿਨੀ ਕੇਂਦਰੀ ਏਜੰਸੀ ਈ.ਡੀ. ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਤੇ ਹੋਰ ਨੇੜਲਿਆਂ ਖ਼ਿਲਾਫ਼ ਕੀਤੀ ਛਾਪੇਮਾਰੀ ਦਾ ਮਾਮਲਾ ਭਾਰਤੀ ਚੋਣ ਕਮਿਸ਼ਨ ਤਕ ਪਹੁੰਚ ਗਿਆ ਹੈ | ਆਲ ਇੰਡੀਆ ਕਾਂਗਰਸ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਇਸ ਸਬੰਧ 'ਚ ਲਿਖਤੀ ਸ਼ਿਕਾਇਤ ਕਰ ਕੇ ਇਸ ਕਾਰਵਾਈ ਨੂੰ ਚੋਣਾਂ ਸਮੇਂ ਗ਼ੈਰ ਸੰਵਿਧਾਨਕ ਦਸਦਿਆਂ ਚੋਣ ਜ਼ਾਬਤੇ ਦੀ ਵੀ ਉਲੰਘਣਾ ਦਸਿਆ ਹੈ | ਇਸ ਸ਼ਿਕਾਇਤ ਉਪਰ ਅੱਜ ਚੋਣ ਕਮਿਸ਼ਨ ਦੇ ਮੈਂਬਰਾਂ ਨੇ ਵਰਚੂਅਲ ਮੀਟਿੰਗ ਰਾਹੀਂ ਸੁਣਵਾਈ ਵੀ ਕੀਤੀ |
ਕਾਂਗਰਸ ਵਲੋਂ ਕੌਮੀ ਬੁਲਾਰੇ ਮਨੂੰ ਸਿੰਘਵੀ, ਰਣਦੀਪ ਸੁਰਜੇਵਾਲਾ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਨੇ ਗੱਲਬਾਤ 'ਚ ਹਿੱਸਾ ਲਿਆ | ਕਮਿਸ਼ਲ ਨੂੰ ਕੀਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਕਿ ਈ.ਡੀ. ਰਾਹੀਂ ਕੇਂਦਰ ਨੇ ਇਹ ਕਾਰਵਾਈ ਸਿਰਫ਼ ਭਾਜਪਾ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਕੀਤੀ ਹੈ | ਇਸ ਦਾ ਮਕਸਦ ਮੁੱਖ ਮੰਤਰੀ ਤੇ ਕਾਂਗਰਸ ਨੂੰ ਬਦਨਾਮ ਕਰਨਾ ਹੈ | ਹੋਈ ਬਰਾਮਦਗੀ ਉਪਰ ਵੀ ਕਾਂਗਰਸ ਆਗੂਆਂ ਨੇ ਸਵਾਲ ਚੁੱਕੇ ਅਤੇ ਸੂਬੇ 'ਚ ਨਿਰਪੱਖ ਚੋਣਾਂ ਲਈ ਕੇਂਦਰੀ ਏਜੰਸੀਆਂ ਨੂੰ ਇਸ ਤਰ੍ਹਾਂ ਦੀ ਛਾਪੇਮਾਰੀ ਤੋਂ ਰੋਕਣ ਦੀ ਮੰਗ ਕੀਤੀ ਹੈ |
ਬੀਤੇ ਦਿਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਤਿ੍ਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਨੇ ਵੀ ਪ੍ਰੈੱਸ ਕਾਨਫ਼ਰੰਸ ਕਰ ਕੇ ਪੰਜਾਬ 'ਚ ਪ੍ਰਧਾਨ ਮੰਤਰੀ ਦੀ ਰੈਲੀ 'ਚ ਲੋਕ ਨਾ ਆਉਣ ਕਾਰਨ ਫਲਾਪ ਹੋ ਜਾਣ ਤੇ ਬਦਲੇ ਦੀ ਕਾਰਵਾਈ ਤਹਿਤ ਈ.ਡੀ. ਦੇ ਇਸਤੇਮਾਲ ਦੇ ਦੋਸ਼ ਲਾਏ ਸਨ | ਮੰਤਰੀਆਂ ਨੂੰ ਵੀ ਧਮਕੀਆਂ ਮਿਲਣ ਦੀ ਗੱਲ ਕਰਦਿਆਂ ਚੋਣ ਕਮਿਸ਼ਨ ਤਕ ਪੰਹੁਚ ਕਰਨ ਦਾ ਐਲਾਨ ਕੀਤਾ ਸੀ | ਚੋਣ ਕਮਿਸ਼ਨ ਨੇ ਸਾਰੇ ਤੱਥਾਂ ਬਾਰੇ ਪੰਜਾਬ ਦੇ ਚੋਣ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਹੀ ਕੋਈ ਫ਼ੈਸਲਾ ਕਰਨ ਦੀ ਗੱਲ ਆਖੀ ਹੈ |