
ਮੋਦੀ ਦੀ ਮੌਜੂਦਗੀ ਵਿਚ ਬੋਲੇ ਗਹਿਲੋਤ : ਦੇਸ਼ ਵਿਚ ਤਣਾਅ ਅਤੇ ਹਿੰਸਾ ਦਾ ਮਾਹੌਲ
ਕਿਹਾ, ਕਰਜ਼ਾ ਨਾ ਚੁਕਾਉਣ ਵਾਲੇ ਕਿਸਾਨਾਂ ਦੀ ਜ਼ਮੀਨ ਨੀਲਾਮ
ਜੈਪੁਰ, 20 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਵਿਚ ਬ੍ਰਹਮ ਕੁਮਾਰੀ ਦੇ ਇਕ ਸਮਾਗਮ ਦਾ ਵਰਚੂਅਲ ਉਦਾਘਟਨ ਕੀਤਾ। ਸਮਾਗਮ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਜੁੜੇ ਹੋਏ ਸਨ। ਮੋਦੀ ਦੀ ਮੌਜੂਦਗੀ ਵਿਚ ਗਹਿਲੋਤ ਨੇ ਕਿਹਾ,‘‘ਅੱਜ ਦੇਸ਼ ਵਿਚ ਤਣਾਅ ਅਤੇ ਹਿੰਸਾ ਦਾ ਮਾਹੌਲ ਹੈ। ਇਸ ਤੋਂ ਛੁਟਕਾਰਾ ਮਿਲੇ, ਇਹ ਸਾਡੀ ਸਾਰਿਆਂ ਦੀ ਇੱਛਾ ਰਹਿੰਦੀ ਹੈ। ਸ਼ਾਂਤੀ ਅਤੇ ਅਹਿੰਸਾ ਅਤੇ ਭਾਈਚਾਰੇ ’ਤੇ ਚਲ ਕੇ ਦੇਸ਼ ਦਾ ਵਿਕਾਸ ਕਰ ਸਕਦੇ ਹਾਂ।’’ ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਦੋਂ ਤੋਂ ਮਹਾਂਉਤਸਵ ਮਨਾਉਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਲਗਾਤਾਰ ਸਮਾਗਮ ਚਲ ਰਹੇ ਹਨ। ਆਜ਼ਾਦੀ ਤਿਆਗ ਨਾਲ ਮਿਲਦੀ ਹੈ। 75 ਸਾਲ ਦੇ ਇਸ ਉਤਸਵ ਵਿਚ ਸਮਾਗਮ ਚਲਦੇ ਰਹਿੰਦੇ ਹਨ।
ਗਹਿਲੋਤ ਨੇ ਕਿਹਾ ਕਿ,‘‘ਸੂਬੇ ਵਿਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਧੀਨ ਆਉਣ ਵਾਲੇ ਵਪਾਰੀ ਬੈਂਕ ਰੋਡਾ (ਰਿਮੂਵਲ ਆਫ਼ ਡਿਫ਼ੀਕਲਟੀਜ਼) ਕਾਨੂੰਨ ਤਹਿਤ ਕਰਜ਼ਾ ਚੁਕਾਉਣ ਵਿਚ ਅਸਮਰਥ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਅਤੇ ਨੀਲਾਮੀ ਦੀ ਕਾਰਵਾਈ ਕਰ ਰਹੇ ਸਨ। ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਨੂੰ ਰੋਕਣ ਦੇ ਹੁਕਮ ਦਿਤੇ ਗਏ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ੇ ਮਾਫ਼ ਕੀਤੇ ਹਨ ਅਤੇ ਹੋਰ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਵਣਜ ਬੈਂਕਾਂ ਨੂੰ ਇਕ ਮੁਸ਼ਤ ਨਿਪਟਾਰਾ ਕਰ ਕੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰੇ।
ਜ਼ਿਕਰਯੋਗ ਹੈ ਕਿ ਕਰਜ਼ਾ ਨਾ ਚੁਕਾ ਸਕਣ ਵਾਲੇ ਕਿਸਾਨਾਂ ਦੀ ਜ਼ਮੀਨ ਨਿਲਾਮ ਕਰਨ ਦੇ ਨੋਟਿਸ ਜਾਰੀ ਕੀਤੇ ਜਾਣ ਦੇ ਕਈ ਮਾਮਲੇ ਹਾਲ ਹੀ ਵਿਚ ਸਾਹਮਣੇ ਆਏ ਹਨ। ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਇਸ ਮੁੱਦੇ ’ਤੇ ਸੂਬਾ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। (ਪੀਟੀਆਈ)