
ਸਾਡੇ ਅਤੇ ਦੇਸ਼ ਦੇ ਸੁਪਨੇ ਵੱਖ-ਵੱਖ ਨਹੀਂ : ਮੋਦੀ
ਜੈਪੁਰ, 20 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਾਡੇ ਅਤੇ ਦੇਸ਼ ਦੇ ਸੁਪਨੇ ਵੱਖ-ਵੱਖ ਨਹੀਂ ਹਨ ਅਤੇ ਦੇਸ਼ ਦੀ ਤਰੱਕੀ ਵਿਚ ਹੀ ਸਾਡੀ ਤਰੱਕੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੱਭ ਤੋਂ ਵੱਡੀ ਤਾਕਤ ਇਹੀ ਹੈ ਕਿ ਉਹ ਹਰ ਦੌਰ ਵਿਚ ਅਪਣਾ ਮੂਲ ਸੁਭਾਅ ਕਾਇਮ ਰਖਦਾ ਹੈ। ਪ੍ਰਧਾਨ ਮੰਤਰੀ ਰਾਜਸਥਾਨ ਦੇ ਮਾਊਂਟ ਆਬੂ ਸਥਿਤ ਬ੍ਰਹਮ ਕੁਮਾਰੀ ਸੰਸਥਾਨ ਵਲੋਂ ਕਰਵਾਏ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਸੁਨਿਹਰੇ ਭਾਰਤ ਵਲ’ ਸਮਾਗਮ ਦੇ ਰਾਸ਼ਟਰੀ ਉਦਘਾਟਨ ਨੂੰ ਆਨਲਾਈਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ,‘‘ਸਾਡੇ ਅਤੇ ਦੇਸ਼ ਦੇ ਸੁਪਨੇ ਵੱਖ-ਵੱਖ ਨਹੀਂ ਹਨ। ਸਾਡੀ ਨਿਜੀ ਅਤੇ ਰਾਸ਼ਟਰੀ ਸਫ਼ਤਾ ਵੱਖ-ਵੱਖ ਨਹੀਂ ਹੈ। ਦੇਸ਼ ਦੀ ਤਰੱਕੀ ਹੀ ਸਾਡੀ ਤਰੱਕੀ ਹੈ। ਸਾਡੇ ਨਾਲ ਹੀ ਦੇਸ਼ ਦਾ ਵਜੂਦ ਹੈ ਅਤੇ ਦੇਸ਼ ਨਾਲ ਹੀ ਸਾਡਾ ਵਜੂਦ ਹੈ। ਇਹ ਗਿਆਨ ਨਵੇਂ ਭਾਰਤ ਦੇ ਨਿਰਮਾਣ ਵਿਚ ਸਾਡੇ ਦੇਸ਼ ਵਾਸੀਆਂ ਦੀ ਸੱਭ ਤੋਂ ਵੱਡੀ ਤਾਕਤ ਬਣ ਰਿਹਾ ਹੈ।’’ ਮੋਦੀ ਨੇ ਕਿਹਾ,‘‘ਅੱਜ ਅਸੀਂ ਅਜਿਹੀ ਵਿਵਸਥਾ ਬਣਾ ਰਹੇ ਹਾਂ, ਜਿਥੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਇਕ ਅਜਿਹਾ ਸਮਾਜ ਬਣਾ ਰਹੇ ਹਾਂ, ਜੋ ਬਰਾਬਰੀ ਅਤੇ ਸਮਾਜਕ ਨਿਆਂ ਦੀ ਨੀਂਹ ਉਤੇ ਮਜ਼ਬੂਤੀ ਨਾਲ ਖੜਾ ਹੋਵੇ। ਅਸੀਂ ਅਜਿਹੇ ਭਾਰਤ ਨੂੰ ਉਭਰਦੇ ਦੇਖ ਰਹੇ ਹਾਂ, ਜਿਸ ਦੀ ਸੋਚ ਤੇ ਪੰਹੁਚ ਨਵੀਂ ਹੈ।’’ ਇਸ ਤੋਂ ਪਹਿਲਾਂ ਮੋਦੀ ਨੇ ਬ੍ਰਹਮ ਕੁਮਾਰੀ ਦੀਆਂ ਸੱਤ ਮੁਹਿੰਮਾਂ ਦੀ ਰਸਮੀ ਸ਼ੁਰੂਆਤ ਕੀਤੀ। ਸਮਾਗਮ ਵਿਚ ਲੋਕ ਸਭਾ ਪ੍ਰਧਾਨ ਓਮ ਬਿਰਲਾ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਈ ਕੇਂਦਰੀ ਮੰਤਰੀ ਵੀ ਜੁੜੇ। (ਪੀਟੀਆਈ)