
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਭਰਵਾਂ ਸਮਰਥਨ ਮਿਲ ਰਿਹੈ : ਮਹਿਰਾਜ, ਟਾਂਡਾ
ਅੰਮ੍ਰਿਤਸਰ, 21 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪਿਛਲੇ ਕਰੀਬ 27 ਸਾਲਾਂ ਤੋਂ ਅੰਮ੍ਰਿਤਸਰ ਜੇਲ ’ਚ ਬੰਦ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ 9 ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਪੰਜਾਬ ਦੇ ਵਖ-ਵਖ ਹਲਕਿਆਂ ਤੋਂ ਸਮਰਥਨ ਮਿਲ ਰਿਹਾ ਹੈ। ਅੱਜ ਦਲ ਖ਼ਾਲਸਾ ਵਲੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ, ਦੋਆਬਾ ਕਿਸਾਨ ਕਮੇਟੀ (ਪੰਜਾਬ), ਆਜ਼ਾਦ ਸੰਘਰਸ਼ ਕਮੇਟੀ ਨਾਲ ਮਿਲ ਕੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ 27 ਜਨਵਰੀ ਨੂੰ ਫਗਵਾੜਾ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਘਿਰਾਉ ਕਰਨਗੀਆਂ।
ਦਲ ਖ਼ਾਲਸਾ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਪਰਮਜੀਤ ਸਿੰਘ ਟਾਂਡਾ ਅਤੇ ਕਿਸਾਨ ਆਗੂ ਗੁਰਪਾਲ ਸਿੰਘ ਨੇ ਕਿਹਾ ਸੋਮ ਪ੍ਰਕਾਸ ਪੰਜਾਬ ਵਿਚ ਮੌਜੂਦਾ ਮੋਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਇਕੱਲੇ ਮੰਤਰੀ ਹਨ ਅਤੇ ਇਸ ਨਾਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਂਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਨਾਲ ਵਿਤਕਰਾ ਕਿਉਂ ਕਰ ਰਹੀ, ਜਥੇਬੰਦੀਆਂ ਦੇ ਕਾਰਕੁਨ 27 ਤਰੀਕ ਨੂੰ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ।
ਸਿੱਖ ਅਲਾਇੰਸ ਦੇ ਸੁਖਦੇਵ ਸਿੰਘ ਫਗਵਾੜਾ ਅਤੇ ਅਕਾਲ ਸਟੂਡੈਂਟਸ ਫ਼ੈਡਰੇਸ਼ਨ ਦੇ ਭਾਈ ਮਨਜੀਤ ਸਿੰਘ ਨੇ ਵੀ ਸਿਰਕਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਛੱਡ ਬਾਕੀ ਸਾਰੇ ਕੈਦੀ 25 ਸਾਲ ਤੋ ਵੱਧ ਦੀ ਸਜ਼ਾ ਕੱਟ ਚੁੱਕੇ ਹਨ। ਮਨੁੱਖੀ ਅਧਿਕਾਰ ਸੰਗਠਨਾਂ ਅਤੇ ਪੰਥਕ ਸੰਸਥਾਵਾਂ ਨੇ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪ੍ਰੋ. ਭੁੱਲਰ ਦੀ ਰਿਹਾਈ ਨੂੰ ਰੋਕਣ ਦਾ ਦੋਸ਼ ਲਗਾਇਆ ਹੈ।
ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਨਾਲ ਸਬੰਧਤ ਨੌਜਵਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਸੰਵਿਧਾਨਿਕ ਬੇਇਨਸਾਫੀਆਂ ਵਿਰੁਧ ਅੰਮ੍ਰਿਤਸਰ ਵਿਖੇ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੋਇਆ ਹੈ। ਆਗੂਆਂ ਨੇ ਨਰਿੰਦਰ ਮੋਦੀ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਜਾਰੀ ਕੀਤੇ ਅਪਣੇ ਨੋਟੀਫ਼ਿਕੇਸ਼ਨ ਤੋਂ ਪਿੱਛੇ ਹਟ ਗਈ ਹੈ, ਜਿਸ ਵਿਚ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਨਜ਼ਰਬੰਦਾਂ ਨੂੰ ਰਿਹਾਅ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਸਿਫ਼ਾਰਸ਼ ਕੀਤੀ ਸੀ।
ਕੈਪਸ਼ਨ ਏ ਐਸ ਆਰ ਬਹੋੜੂ-21-2- ਪੰਤਕ ਦਲਾਂ ਦੇ ਨੇਤਾ ਪ੍ਰੈਸ ਕਾਨਫਰੰਸ ਦੋਰਾਨ।