
ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਦੀ ਅਦਾਲਤ ਵਲੋਂ ਖ਼ਾਲਿਸਤਾਨੀ ਸਾਹਿਤ, ਨਿਰੰਕਾਰੀ ਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਆਦਿ ਰੱਖਣ ਦੇ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਦੀ ਅਦਾਲਤ ਵਲੋਂ ਖ਼ਾਲਿਸਤਾਨੀ ਸਾਹਿਤ, ਨਿਰੰਕਾਰੀ ਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਆਦਿ ਰੱਖਣ ਦੇ ਮਾਮਲੇ 'ਚ ਸਿਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਵਿਰੁਧ ਅਪੀਲ ਨੂੰ ਅੱਜ ਹਾਈ ਕੋਰਟ ਵਲੋਂ ਸੁਣਵਾਈ ਲਈ ਸਵੀਕਾਰ ਕਰ ਲਿਆ ਗਿਆ ਹੈ। ਜਸਟਿਸ ਰਜੀਵ ਸ਼ਰਮਾ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਵਲੋਂ ਐਡਵੋਕੇਟ ਆਰ ਐਸ ਬੈਂਸ ਦੁਆਰਾ ਦਾਇਰ ਪਟੀਸ਼ਨ ਉਤੇ ਨੌਜਵਾਨਾਂ ਦੀ ਜ਼ਮਾਨਤ ਅਰਜ਼ੀ 'ਤੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ 3 ਅਪ੍ਰੈਲ ਲਈ ਨੋਟਿਸ ਜਾਰੀ ਕਰ ਦਿਤਾ ਹੈ
ਅਤੇ ਨਾਲ ਹੀ ਹੇਠਲੀ ਅਦਾਲਤ ਵਲੋਂ ਲਗਾਏ ਗਏ ਜੁਰਮਾਨੇ ਉਤੇ ਰੋਕ ਉਤੇ ਰੋਕ ਲੱਗਾ ਦਿਤੀ ਗਈ ਹੈ। ਦਸਣਯੋਗ ਹੈ ਕਿ ਹੇਠਲੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 121 (ਰਾਜ ਵਿਰੁਧ ਜੰਗ ਵਿੱਢਣ) ਅਤੇ 121ਏ (ਰਾਜ ਵਿਰੁਧ ਜੰਗ ਵਿੱਢਣ ਦੀ ਤਿਆਰੀ) ਅਧੀਨ ਸ਼ਹੀਦ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਕਿਤਾਬਾਂ, ਨਿਰੰਕਾਰੀ ਕਾਂਡ 1978 'ਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਅਤੇ ਇਕ ਮੋਬਾਈਲ ਫ਼ੋਨ ਦੀ ਬਰਾਮਦਗੀ ਦੇ ਆਧਾਰ 'ਤੇ ਰਾਜ ਵਿਰੁਧ ਜੰਗ ਵਿੱਢਣ ਦਾ ਦੋਸ਼ੀ ਐਲਾਨਿਆ ਸੀ।