
ਭਾਜਪਾ ਆਗੂਆਂ ਦੇ ਮੁਕੰਮਲ ਸਮਾਜਕ ਬਾਈਕਾਟ ਦਾ ਦਿਤਾ ਸੱਦਾ
ਅੰਦੋਲਨ ਕਾਲੇ ਕਾਨੂੰਨ ਰੱਦ ਹੋਣ ਤਕ ਜਾਰੀ ਰੱਖਣ ਦੇ ਕੀਤੇ ਐਲਾਨ
ਚੰਡੀਗੜ੍ਹ, 20 ਫ਼ਰਵਰੀ (ਗੁਰਉਪਦੇਸ਼ ਭੁੱਲਰ): ਅੱਜ ਚੰਡੀਗੜ੍ਹ ਦੇ ਸੈਕਟਰ 25 ਦੇ ਰੈਲੀ ਗਰਾਊਾਡ ਵਿਚ ਹੋਈ ਕਿਸਾਨ ਮਹਾਂ ਪੰਚਾਇਤ ਵਿਚ ਪ੍ਰਮੁੱਖ ਕਿਸਾਨ ਆਗੂ ਖ਼ੂਬ ਗਰਜੇ ਅਤੇ ਤਿੰਨ ਕਾਲੇ ਕਾਨੂੰਨਾਂ ਦੇ ਰੱਦ ਹੋਣ ਤਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ | ਭਾਜਪਾ ਆਗੂਆਂ ਨਾਲ ਸਾਰੇ ਰਿਸ਼ਤੇ ਨਾਤੇ ਖ਼ਤਮ ਕਰ ਕੇ ਉਨ੍ਹਾਂ ਦਾ ਪੂਰੀ ਤਰ੍ਹਾਂ ਸਮਾਜਕ ਬਾਈਕਾਟ ਕਰਨ ਦਾ ਸੱਦਾ ਦਿਤਾ ਗਿਆ |
ਚੰਡੀਗੜ੍ਹ ਦੀ ਨੌਜਵਾਨ ਕਿਸਾਨ ਏਕਤਾ ਜਥੇਬੰਦੀ, ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਜਨ ਸੰਗਠਨਾਂ ਦੇ ਸੱਦੇ 'ਤੇ ਹੋਈ ਇਸ ਕਿਸਾਨ ਮਹਾਂ ਪੰਚਾਇਤ ਵਿਚ ਚੰਡੀਗੜ੍ਹ ਸ਼ਹਿਰ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ ਦੇ ਨਾਲ ਨਾਲ ਰੋਪੜ ਤਕ ਤੋਂ ਆਏ ਹਜ਼ਾਰਾਂ ਕਿਸਾਨਾਂ ਤੇ ਆਮ ਲੋਕਾਂ ਨੇ ਹਿੱਸਾ ਲਿਆ | ਰਾਜਧਾਨੀ ਚੰਡੀਗੜ੍ਹ ਖੇਤਰ ਦੇ ਲੋਕਾਂ ਦਾ ਕਿਸਾਨ ਅੰਦੋਲਨ ਨੂੰ ਹੁਗਾਰਾ ਅਹਿਮ ਮੰਨਿਆ ਜਾ ਸਕਦਾ ਹੈ | ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਪੰਜਾਬ ਦੀਆਂ 32 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਹੁਣ ਤਕ ਕੇਂਦਰ ਨਾਲ ਹੋਈਆਂ 11 ਮੀਟਿੰਗਾਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਐਲਾਨ ਕੀਤਾ ਕਿ ਕੇਂਦਰ ਸਰਕਾਰ ਨਾਲ ਮਾੜਾ ਸਮਝੌਤਾ ਨਹੀਂ ਕਰਾਂਗੇ ਪਰ ਲੋੜ ਪਈ ਤਾਂ ਜਾਨਾਂ ਦੇ ਦਿਆਂਗੇ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਅਸੀ ਜਿੱਤ ਕੇ ਮੁੜ ਆਏ ਤਾਂ ਗਲਾਂ ਵਿਚ ਹਾਰ ਪਾ ਦੇਣਾ ਅਤੇ ਨਾ ਜਿੱਤੇ ਤਾਂ ਸਾਡੀਆਂ ਮਿ੍ਤਕ ਦੇਹਾਂ 'ਤੇ ਹਾਰ ਪਾ ਦੇਣਾ | ਉਨ੍ਹਾਂ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂਆਂ ਤੇ ਮੈਂਬਰਾਂ ਨਾਲ ਕੋਈ ਸਬੰਧ ਨਾ ਰੱਖਿਆ ਜਾਵੇ ਭਾਵੇਂ ਇਸ ਵਿਚ ਕੋਈ ਸਾਡਾ ਸਕਾ, ਸਬੰਧੀ ਹੀ ਕਿਉਂ ਨਾ ਹੋਵੇ? ਕਿਸੇ ਵੀ ਪਿੰਡ ਵਿਚ ਭਾਜਪਾ ਆਗੂਆਂ ਨੂੰ ਵੜਨ ਨਾ ਦਿਤਾ ਜਾਵੇ |
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਨੂੰਨ ਰੱਦ ਕਰਵਾਉਣ ਤਕ ਅੰਦੋਲਨ ਜਾਰੀ ਰਹੇਗਾ | ਅਸੀ ਨਾ ਕਿਸੇ ਤੋਂ ਡਰਾਂਗੇ ਤੇ ਨਾ ਹੀ ਮੰਗਾਂ ਪੂਰੀਆਂ ਕਰਵਾਏ ਬਿਨਾਂ ਪਿਛੇ ਹਟਾਂਗੇ | ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਮਹਾਂ ਪੰਚਾਇਤ ਮੋਦੀ ਹਕੂਮਤ ਦੀ ਛਾਤੀ ਵਿਚ ਗੱਡਿਆ ਵੱਡਾ ਕਿਲ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਨੂੰਨ ਰੱਦ ਕਰਨ ਦੇ ਸ਼ਬਦ ਨੂੰ ਨੱਕ ਦਾ ਸਵਾਲ ਬਣਾ ਰਖਿਆ ਹੈ | ਜਦਕਿ ਸਾਰੀਆਂ ਸੋਧਾਂ ਕਰ ਕੇ ਕਾਨੂੰਨ 'ਤੇ 3 ਸਾਲ ਤਕ ਰੋਕ ਲਾਉਣ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਅਡਾਨੀ ਤੇ ਅੰਬਾਨੀ ਨੇ ਮੋਦੀ ਸਰਕਾਰ ਦੀ ਬਾਂਹ ਮਰੋੜੀ ਹੋਈ ਹੈ ਜਿਸ ਕਰ ਕੇ ਰੱਦ ਨਹੀਂ ਕਰਨਾ ਚਾਹੁੰਦੇ | ਵਿਸ਼ਵ ਵਪਾਰ ਸੰਗਠਨ ਤੇ ਵਿਸ਼ਵ ਬੈਂਕ ਦਾ ਵੀ ਦਬਾਅ ਹੈ |
ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਮੈਂਬਰ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਜੇਕਰ ਅਸੀ ਇਹ ਲੜਾਈ ਨਾ ਜਿੱਤ ਸਕੇ ਤਾਂ ਪੂਰੀ ਤਰ੍ਹਾਂ ਆਰਥਕ ਗ਼ੁਲਾਮ ਹੋ ਜਾਵਾਂਗੇ | ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਤਾਂ ਲੱਖਾਂ ਕਰੋੜ ਰੁਪਏ ਦੀਆਂ ਰਿਆਇਤਾਂ ਦਿਤੀਆਂ ਜਾਂਦੀਆਂ ਹਨ ਪਰ ਜਦ ਕਿਸਾਨਾਂ ਮਜ਼ਦੂਰਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਦੇ ਖ਼ਜ਼ਾਨੇ ਦੀ ਹਾਲਤ ਮਾੜੀ ਹੋਣ ਦੀ ਗੱਲ ਆ ਜਾਂਦੀ ਹੈ | ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿਤਾ ਕਿ ਭਾਜਪਾ ਦਾ ਹੁਣ ਹਰ ਪੱਧਰ ਤੇ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ | ਵਿਆਹ, ਭੋਗ ਤੇ ਹੋਰ ਘਰੇਲੂ ਪ੍ਰੋਗਰਾਮਾਂ ਵਿਚ ਵੀ ਭਾਜਪਾ ਮੈਂਬਰਾਂ ਨੂੰ ਨਹੀਂ ਸੱਦਣਾ ਚਾਹੀਦਾ | ਹੋਰ ਵੀ ਜੋ ਪਾਰਟੀ ਦਾ ਆਗੂ ਕਿਸਾਨਾਂ ਦਾ ਸਾਥ ਨਹੀਂ ਦਿੰਦਾ ਉਸ ਦਾ ਵੀ ਉਸੇ ਤਰ੍ਹਾਂ ਵਿਰੋਧ ਕੀਤਾ ਜਾਵੇ | ਉਨ੍ਹਾਂ ਅਡਾਨੀ, ਅੰਬਾਨੀ ਤੇ ਰਾਮ ਦੇਵ ਦੇ ਉਤਪਾਦਾਂ ਦੇ ਵੀ ਪੂਰੀ ਤਰ੍ਹਾਂ ਬਾਈਕਾਟ ਦਾ ਸੱਦਾ ਦਿਤਾ | ਦਿੱਲੀ ਪੁਲਿਸ ਵਲੋਂ ਆ ਰਹੇ ਨੋਟਿਸਾਂ ਬਾਰੇ ਚਡੂਨੀ ਨੇ ਕਿਹਾ ਕਿ ਪੁਲਿਸ ਕੋਲ ਪੇਸ਼ ਹੋਣ ਦੀ ਲੋੜ ਨਹੀਂ ਤੇ ਜੇ ਕੋਈ ਪਿੰਡ ਵਿਚ ਪੁਲਿਸ ਆਉਂਦੀ ਹੈ ਤਾਂ ਉਸ ਨੂੰ ਘੇਰਿਆ ਜਾਵੇ | ਉਨ੍ਹਾਂ ਕਿਹਾ ਕਿ ਸੱਭ ਕਿਸਾਨਾਂ ਦੇ ਮੁਕੱਦਮੇ ਸੰਯੁਕਤ ਕਿਸਾਨ ਮੋਰਚਾ ਹੀ ਲੜ ਰਿਹਾ ਹੈ |