
ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਦੇ ਪਹਿਲੇ ਦਰਜੇ ਲਈ ਰੋਸ ਮਾਰਚ ਕੀਤਾ
ਚੰਡੀਗੜ੍ਹ, 20 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਪੰਜਾਬੀ ਬੋਲੀ ਨੰੂ ਚੰਡੀਗੜ੍ਹ ਵਿਚ ਪਹਿਲਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਮੱਖਣ ਸ਼ਾਹ ਲਬਾਣਾ ਭਵਨ ਸੈਕਟਰ-30 ਤੋਂ ਗੁਰਦੁਆਰਾ ਸਿੰਘ ਸਭਾ ਸੈਕਟਰ-22 ਤਕ ਕੱਢੇ ਗਏ ਰੋਸ ਮਾਰਚ ਦੌਰਾਨ ਜਿਥੇ ਪੰਜਾਬੀ ਪ੍ਰੇਮੀਆਂ ਨੇ ਜਿਥੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ, ਉਥੇ 'ਲੋਕਾਂ ਦੀਆਂ ਭਾਸ਼ਾਵਾਂ ਨੂੰ ਦਬਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ' ਦੇ ਨਾਹਰੇ ਵੀ ਬੁਲੰਦ ਕੀਤੇ |
ਇਸ ਮੌਕੇ ਜੱਟ ਮਹਾਂਸਭਾ ਦੀ ਚੰਡੀਗੜ੍ਹ ਯੁਨਿਟ ਦੇ ਪ੍ਰਧਾਨ ਰਾਜਿੰਦਰ ਸਿੰਘ ਬੜਹੇੜੀ ਨੇ ਕਿਹਾ ਕਿ ਚੰਡੀਗੜ੍ਹ ਵਾਸੀ ਅਪਣੇ ਸ਼ਹਿਰ ਲਈ ਇਕ ਨਵੰਬਰ 1966 ਵਾਲਾ ਰੁਤਬਾ ਬਰਕਰਾਰ ਕਰਨ ਦੀ ਮੰਗ ਕਰਦੇ ਹਾਂ | ਇਹ ਸ਼ਹਿਰ ਪੰਜਾਬ ਦੇ ਪਿੰਡਾਂ 'ਤੇ ਬਣਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੇ ਹੋਂਦ ਵਿਚ ਆਉਣ ਦੇ ਨਾਲ ਹੀ ਇਥੇ ਅੰਗਰੇਜ਼ੀ ਅਤੇ ਹਿੰਦੀ ਥੋਪੀ ਜਾ ਰਹੀ ਹੈ ਜਦੋਂਕਿ ਸਾਰੇ ਸੂਬਿਆਂ ਵਿਚ ਉਥੋਂ ਦੀ ਮੂਲ ਭਾਸ਼ਾ ਲਾਗੂ ਹੁੰਦੀ ਹੈ ਪਰ ਚੰਡੀਗੜ੍ਹ ਇਕ ਅਜਿਹਾ ਸੂਬਾ ਹੈ, ਜਿਥੇ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਤਾ ਗਿਆ ਹੈ | ਚੰਡੀਗੜ੍ਹ ਦੀ ਪ੍ਰਣਾਲੀ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣਾ ਚਾਹੀਦਾ ਹੈ |
ਇਸ ਮੌਕੇ ਯੁਨਾਈਟਡ ਅਕਾਲੀ ਦਲ ਦੇ ਚੰਡੀਗੜ੍ਹ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਇਹ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਜਿਸ ਪੰਜਾਬੀ ਕੌਮ ਨੇ ਦੇਸ਼ ਆਜ਼ਾਦ ਕਰਵਾਉਣ ਲਈ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਸੇੇ ਕੌਮ ਤੋਂ ਪਹਿਲਾਂ ਲਾਹੌਰ ਦੀ ਰਾਜਧਾਨੀ ਖੋਹੀ ਗਈ, ਫਿਰ ਸ਼ਿਮਲਾ ਖੋਹਿਆ ਗਿਆ ਤੇ ਹੁਣ ਚੰਡੀਗੜ੍ਹ ਵਿਚ ਪੰਜਾਬੀ ਲਾਗੂ ਨਾ ਕਰ ਕੇ ਇਥੇ ਵੀ ਹੱਕ ਮਾਰਿਆ ਜਾ ਰਿਹਾ ਹੈ | ਸ. ਪ੍ਰਤਾਪ ਸਿੰਘ ਕੈਰੋਂ ਵਲੋਂ ਬਣਾਇਆ ਗਿਆ ਭਾਖੜਾ ਡੈਮ ਖੋਹ ਲਿਆ ਗਿਆ | ਉਨ੍ਹਾਂ ਕਿਹਾ ਕਿ ਇਹ ਸਰਾਸਰ ਧੱਕਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |