
ਸੱਭ ਤੋਂ ਵੱਧ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਂਭੀ ਮੁੱਖ ਮੰਤਰੀ ਦੀ ਕੁਰਸੀ
ਚੰਡੀਗੜ੍ਹ : ਕੱਲ੍ਹ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਹਨ ਤੇ ਲੀਡਰਾਂ ਦੀ ਕਿਸਮਤ ਮਸ਼ੀਨਾਂ ਵਿਚ ਕੈਦ ਹੋ ਗਈ ਹੈ। ਨਤੀਜੇ 10 ਮਾਰਚ ਨੂੰ ਆਉਣਗੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਲਵਈਆਂ ਨੂੰ ਇਸ ਗੱਲ ਦਾ ਯਕੀਨ ਹੋਣ ਲੱਗਾ ਹੈ ਕਿ ਸੱਤਾ ’ਚ ਜਿਹੜੀ ਮਰਜ਼ੀ ਪਾਰਟੀ ਆਵੇ ਪਰ ਮੁੱਖ ਮੰਤਰੀ ਦਾ ਅਹੁਦਾ ਮੁੜ ਉਨ੍ਹਾਂ ਦੀ ਝੋਲੀ ਹੀ ਪਵੇਗਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੇ 75 ਸਾਲਾਂ ਦਾ ਇਤਿਹਾਸ ਦੇਖੀਏ ਤਾਂ ਸੱਭ ਤੋਂ ਵੱਧ ਵਾਰ ਮਾਲਵਾ ਖੇਤਰ ’ਚੋਂ ਹੀ ਮੁੱਖ ਮੰਤਰੀ ਬਣੇ ਹਨ।
Parkash Singh Badal
ਵੇਰਵਿਆਂ ਮੁਤਾਬਕ 16 ਸਿਆਸੀ ਆਗੂ ਹੀ ਬਦਲ-ਬਦਲ ਕੇ ਮੁੱਖ ਮੰਤਰੀ ਬਣਦੇ ਆ ਰਹੇ ਹਨ। ਮਾਲਵਾ ਖੇਤਰ ’ਚ ਸੱਭ ਤੋਂ ਵੱਧ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਸਾਂਭੀ ਹੈ। ਉਹ ਇਕ ਸਮੇਂ ਸੂਬੇ ਦੇ ਸੱਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਅਤੇ ਇਕ ਸਮੇਂ ਸੱਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਮਾਲਵਾ ਖੇਤਰ ’ਚੋਂ ਹੀ ਸਨ
Harcharan Singh Brar
ਜਿਨ੍ਹਾਂ ਨੇ 82 ਦਿਨ ਇਸ ਅਹੁਦੇ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਹਰਚਰਨ ਸਿੰਘ ਬਰਾੜ ਵੀ ਮਾਲਵਾ ਖੇਤਰ ’ਚੋਂ ਚੁਣੇ ਗਏ ਮੁੱਖ ਮੰਤਰੀ ਸਨ, ਜੋ ਇਕ ਸਾਲ 82 ਦਿਨ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ। ਸੁਰਜੀਤ ਸਿੰਘ ਬਰਨਾਲਾ ਇਕ ਸਾਲ 255 ਦਿਨ ਮੁੱਖ ਮੰਤਰੀ ਬਣੇ ਰਹੇ। ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਪੰਜ ਸਾਲ 44 ਦਿਨ ਮੁੱਖ ਮੰਤਰੀ ਰਹੇ, ਜੋ ਮਗਰੋਂ ਦੇਸ਼ ਦੇ ਰਾਸ਼ਟਰਪਤੀ ਵੀ ਬਣੇ। ਮਾਲਵਾ ਖੇਤਰ ’ਚੋਂ ਹੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਬਣੇ। ਦਰਬਾਰਾ ਸਿੰਘ 3 ਸਾਲ 128 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ।
Giani Gurmukh Singh Musafir
ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਤੋਂ ਮਗਰੋਂ ਪ੍ਰਤਾਪ ਸਿੰਘ ਕੈਰੋਂ ਤਿੰਨ ਵਾਰ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਹਨ। ਉਹ ਮਾਝਾ ਖੇਤਰ ’ਚੋਂ ਇਕੋ-ਇਕ ਮੁੱਖ ਮੰਤਰੀ ਬਣੇ। ਥੋੜ੍ਹਾ ਸਮਾਂ ਮੁੱਖ ਮੰਤਰੀ ਰਹਿਣ ਵਾਲਿਆਂ ’ਚ ਰਾਮ ਕਿਸ਼ਨ ਵੀ ਸ਼ਾਮਲ ਹਨ, ਜੋ 1 ਸਾਲ 363 ਦਿਨ ਮੁੱਖ ਮੰਤਰੀ ਬਣੇ। ਇਸੇ ਤਰ੍ਹਾਂ ਗੁਰਮੁਖ ਸਿੰਘ ਮੁਸਾਫ਼ਰ 127 ਦਿਨ, ਲਛਮਣ ਸਿੰਘ ਗਿੱਲ 272 ਦਿਨ ਅਤੇ ਗੁਰਨਾਮ ਸਿੰਘ ਇਕ ਸਾਲ 300 ਦਿਨ ਮੁੱਖ ਮੰਤਰੀ ਦੇ ਅਹੁਦੇ ’ਤੇ ਦੋ ਵਾਰ ਬਿਰਾਜਮਾਨ ਰਹੇ।
captain Amarinder Singh
ਗੋਪੀ ਚੰਦ ਭਾਰਗਵ ਆਜ਼ਾਦੀ ਤੋਂ ਮਗਰੋਂ ਸਾਂਝੇ ਪੰਜਾਬ ਦੇ ਪਹਿਲੇ ਹਿੰਦੂ ਨੇਤਾ ਸਨ, ਜੋ ਤਿੰਨ ਵਾਰ ਮੁੱਖ ਮੰਤਰੀ ਰਹੇ। ਇਕ ਵਾਰ ਉਹ 1964 ’ਚ ਸਿਰਫ਼ 15 ਦਿਨ ਹੀ ਰਾਜ-ਭਾਗ ਸੰਭਾਲ ਸਕੇ। ਇਸੇ ਤਰ੍ਹਾਂ ਭੀਮ ਸੈਨ ਸੱਚਰ ਦੋ ਵਾਰ ਮੁੱਖ ਮੰਤਰੀ ਰਹੇ ਹਨ। ਜੇ ਗੱਲ ਹੁਣ ਦੇ ਸਾਲਾਂ ਦੀ ਕੀਤੀ ਜਾਵੇ ਤਾਂ 2017 ਵਿਚ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਪਰ ਉਹਨਾਂ ਵੱਲੋਂ ਕੰਮ ਨਾ ਕੀਤੇ ਜਾਣ ਕਰ ਕੇ ਲੋਕ ਅਤੇ ਲੀਡਰ ਬਹੁਤ ਪਰੇਸ਼ਾਨ ਸਨ
Charanjit Singh Channi
ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਸੀ ਤੇ ਚਰਨਜੀਤ ਚੰਨੀ ਵੀ ਮਾਲਵੇ ਤੋਂ ਹੀ ਸਨ। ਚਰਨਜੀਤ ਚੰਨੀ ਨੇ ਵੀ ਕੁੱਝ ਹੀ ਮਹੀਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਤੇ ਹੁਣ ਵਿਧਾਨ ਸਭਾ ਚੋਣਾਂ ਹੋ ਗਈਆਂ ਹਨ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਮੁੱਖ ਮੰਤਰੀ ਕੌਣ ਤੇ ਕਿਸ ਪਾਰਟੀ ਦਾ ਬਣਦਾ ਹੈ ਤੇ ਕਿੱਥੋਂ ਬਣਦਾ ਹੈ।