
Punjab News: ਨੌਜਵਾਨ ਨੂੰ 45 ਲੱਖ ’ਚ ਅਮਰੀਕਾ ਭੇਜਣਾ ਸੀ, ਕੰਮ ਨਹੀਂ ਹੋਇਆ ਤਾਂ 10 ਲੱਖ ਹੜੱਪ ਲਏ
Punjab News: ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ’ਚ ਪੰਜਾਬ ਦੇ ਕਪੂਰਥਲਾ ’ਚ ਜਿੰਮ ਮਾਲਕ ਵਿਰੁਧ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਵਿਅਕਤੀ ਨੇ ਅਪਣੇ ਦੋਸਤ ਦੇ ਪੋਤੇ ਨੂੰ ਅਮਰੀਕਾ ਭੇਜਣ ਲਈ 45 ਲੱਖ ਰੁਪਏ ਦਿਤੇ ਸਨ। ਜਦੋਂ ਕੰਮ ਨਹੀਂ ਹੋਇਆ ਤਾਂ ਜਿੰਮ ਮਾਲਕ ਨੇ ਉਸ ਦੇ 10 ਲੱਖ ਰੁਪਏ ਵਾਪਸ ਨਹੀਂ ਕੀਤੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਕਪੂਰਥਲਾ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਜਲੋਖਾਨਾ ਨੇੜੇ ਜਿੰਮ ਚਲਾਉਣ ਵਾਲੇ ਰਾਜੇਸ਼ ਸ਼ਰਮਾ ਨੂੰ ਅਪਣੇ ਦੋਸਤ ਲੱਖਾ ਸਿੰਘ ਦੇ ਪੋਤੇ ਨੂੰ ਅਮਰੀਕਾ ਭੇਜਣ ਲਈ 45 ਲੱਖ ਰੁਪਏ ਦਿਤੇ ਸਨ। ਨਿਰਮਲ ਸਿੰਘ ਨੇ ਰਾਜੇਸ਼ ’ਤੇ ਇਸ ਲਈ ਭਰੋਸਾ ਕੀਤਾ ਸੀ ਕਿਉਂਕਿ 7 ਸਾਲ ਪਹਿਲਾਂ ਉਸ ਨੇ ਅਪਣੇ ਪੁੱਤਰ ਨੂੰ ਵੀ ਰਾਜੇਸ਼ ਦੀ ਮਦਦ ਨਾਲ ਵਿਦੇਸ਼ ਭੇਜਿਆ ਸੀ।
ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਰਾਜੇਸ਼ ਨੇ ਲੱਖਾ ਸਿੰਘ ਦੇ ਪੋਤਰੇ ਨੂੰ ਵਿਦੇਸ਼ ਨਹੀਂ ਭੇਜਿਆ। ਵਾਰ-ਵਾਰ ਮੰਗਣ ’ਤੇ ਉਸ ਨੇ 35 ਲੱਖ ਰੁਪਏ ਅਤੇ ਦਸਤਾਵੇਜ਼ ਵਾਪਸ ਕਰ ਦਿਤੇ। ਪਰ ਬਾਕੀ 10 ਲੱਖ ਰੁਪਏ ਅਜੇ ਤਕ ਵਾਪਸ ਨਹੀਂ ਕੀਤੇ। ਉਥੇ ਹੀ ਦੂਜੇ ਪਾਸੇ ਦੋਸ਼ੀ ਰਾਜੇਸ਼ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਝੂਠਾ ਦਸਿਆ ਹੈ। ਥਾਣਾ ਭੁਲੱਥ ਵਿਚ ਦਰਜ ਕਰਵਾਈ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।