
Faridkot News : ਹਾਦਸੇ ਤੋਂ ਬਾਅਦ ਹਾਲਤ ਬਣੀ ਹੋਈ ਸੀ ਨਾਜ਼ੁਕ
Faridkot News in Punjabi : ਤਿੰਨ ਦਿਨ ਪਹਿਲਾਂ ਇੱਕ ਨਿੱਜੀ ਕੰਪਨੀ ਦੀ ਬੱਸ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋਕੇ ਸੇਮ ਨਾਲ਼ੇ ’ਚ ਜਾ ਡਿੱਗੀ ਸੀ ਜਿਸ ਦੌਰਾਨ ਇੱਕ ਮਹਿਲਾ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 31 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ। ਇਨਾਂ ’ਚੋ ਦੋ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ, ਜਿਨ੍ਹਾਂ ਦਾ ਇਲਾਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਚੱਲ ਰਿਹਾ ਸੀ। ਜਿੱਥੇ ਅੱਜ ਇੰਦਰਜੀਤ ਸਿੰਘ ਨਾਮਕ ਵਿਅਕਤੀ ਜੋ ਕੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ । ਫ਼ਿਲਹਾਲ ਪੁਲਿਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਇੰਦਰਜੀਤ ਸਿੰਘ ਦੇ ਨਜ਼ਦੀਕੀ ਸਾਥੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਪਿਛਲੇ 20-25 ਸਾਲ ਤੋਂ ਗੁਰਦੁਆਰਾ ਸਾਹਿਬ ’ਚ ਰੋਜ਼ਾਨਾ ਸੇਵਾ ਕਰਦੇ ਸਨ ਅਤੇ ਗੁਰਸਿੱਖ ਬੰਦੇ ਸਨ, ਜਿਨ੍ਹਾਂ ਦੀਆਂ ਦੋ ਧੀਆਂ ਹੀ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੇ ਦਿਨ ਉਹ ਆਪਣੀ ਬੇਟੀ ਦੇ ਪਾਸਪੋਰਟ ਦੇ ਸਬੰਧ ’ਚ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਜਾ ਰਹੇ ਸਨ ਕਿ ਰਸਤੇ ’ਚ ਫ਼ਰੀਦਕੋਟ ਆ ਕੇ ਬੱਸ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਬੱਸ ਸੇਮ ਨਾਲ਼ੇ ’ਚ ਡਿੱਗਣ ਕਾਰਨ ਗੰਦਾ ਪਾਣੀ ਉਨ੍ਹਾਂ ਦੇ ਅੰਦਰ ਚਲਾ ਗਿਆ ਸੀ ਜੋ ਕਲ ਡਾਕਟਰਾਂ ਵੱਲੋਂ ਕੱਢਿਆ ਗਿਆ ਸੀ ਅਤੇ ਵੈਂਟੀਲੇਟਰ ਤੇ ਸੀ ਪਰ ਸਵੇਰੇ 3 ਵਜ਼ੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ASI ਬੇਅੰਤ ਸਿੰਘ ਨੇ ਦੱਸਿਆ ਕਿ ਬੱਸ ਹਾਦਸੇ ’ਚ ਤਿੰਨ ਦਿਨਾਂ ਤੋਂ ਹਸਪਤਾਲ ਦਾਖ਼ਲ ਇੰਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਸ੍ਰੀ ਮੁਕਤਸਰ ਸਾਹਿਬ ਦੀ ਬੀਤੇ ਦਿਨੀਂ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
(For more news apart from Three days ago, one of the injured in the bus accident in Faridkot died News in Punjabi, stay tuned to Rozana Spokesman)