
ਘੜਾ ਭੰਨ ਕੇ ਆਂਗਨਵਾੜੀ ਵਰਕਰਾਂ ਨੇ ਕੀਤਾ ਪੰਜਾਬ ਸਰਕਾਰ ਦਾ ਅੰਤਿਮ ਸੰਸਕਾਰ
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਪੂਰੀਆ ਨਾ ਹੋਣ 'ਤੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਖ-ਵੱਖ ਥਾਵਾਂ 'ਤੇ ਅੱਜ ਵੀ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਸੰਬੰਧੀ ਪਿੰਡ ਅਕਾਲਗੜ੍ਹ, ਖੱਪਿਆਂਵਾਲੀ, ਜਵਾਹਰੇਵਾਲਾ, ਭੰਗਚੜ੍ਹੀ ਅਤੇ ਸਰਾਏਨਾਗਾ ਆਦਿ ਵਿਖੇ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ, ਉਥੇ ਹੀ ਅੱਜ ਸ਼ਹਿਰ 'ਚ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਨੂੰ ਚੁੱਕ ਕੇ ਪਹਿਲਾਂ ਸੜਕਾਂ 'ਤੇ ਰੋਸ ਮਾਰਚ ਕੀਤਾ।
Anganwadi workers
ਉਨ੍ਹਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਬਠਿੰਡਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਚ ਜਾ ਕੇ ਸਰਕਾਰ ਦੇ ਪੁਤਲੇ ਦਾ ਬਕਾਇਦਾ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ।ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਕਾਂਗਰਸ ਘੂਕ ਸੁੱਤੀ ਪਈ ਹੈ। ਵਰਕਰਾਂ ਤੇ ਹੈਲਪਰਾਂ ਪਿਛਲੇਂ ਦੋ ਮਹੀਨਿਆਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੜਕਾਂ 'ਤੇ ਦਿਨ ਰਾਤ ਸੰਘਰਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪਿਛਲੇਂ 53 ਦਿਨਾਂ ਤੋਂ ਬਠਿੰਡਾ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਰੋਸ ਧਰਨਾ ਲਾਇਆ ਹੋਇਆ ਹੈ।
Anganwadi workers
ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਨਾ ਕਿਧਰੇ ਮੁੱਖ ਮੰਤਰੀ ਮਿਲਦਾ ਹੈ ਤੇ ਨਾ ਉਸ ਦੇ ਵਜੀਰ। ਉਨ੍ਹਾਂ ਨੇ ਸੂਬੇ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ, ਆਂਗਨਵਾੜੀ ਸੈਂਟਰਾਂ ਦੇ ਖੋਹੇ ਬੱਚੇ ਵਾਪਸ ਕਰਨ, ਆਂਗਨਵਾੜੀ ਸੈਂਟਰਾਂ ਦਾ ਬਕਾਇਆ ਦੇਣ, ਸੈਂਟਰਾਂ 'ਚ ਬੱਚਿਆਂ ਲਈ ਰਾਸ਼ਨ ਭੇਜਣ ਆਦਿ ਦੀ ਮੰਗ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਜਿੰਦਰ ਕੌਰ ਖੱਪਿਆਂਵਾਲੀ, ਸਰਬਜੀਤ ਕੌਰ ਕੌੜਿਆਂਵਾਲੀ ਆਦਿ ਆਗੂ ਮੌਜੂਦ ਸਨ। ਦੱਸ ਦਈਏ ਕਿ ਆਲ ਪੰਜਾਬ ਅਾਂਗਨਵਾੜੀ ਵਰਕਰਾਂ ਨੇ ਸੰਘਰਸ਼ ਨੂੰ ਤਿੱਖਾ ਕਰਦਿਆਂ 26 ਮਾਰਚ ਨੂੰ ਵਿਧਾਨ ਸਭਾ ਘੇਰਨ ਦੀ ਚਿਤਾਵਨੀ ਦਿੱਤੀ ਹੈ।