
ਸਰਬ ਸੰਮਤੀ ਨਾਲ ਸਪੀਕਰ ਦੀ ਕੀਤੀ ਗਈ ਚੋਣ
ਚੰਡੀਗੜ੍ਹ : ਪੰਜਾਬ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਵਿਧਾਨ ਸਭਾ ਸੈਸ਼ਨ ਦਾ ਦੂਜਾ ਗੇੜ ਚੱਲ ਰਿਹਾ ਹੈ। ਸਵੇਰੇ 11 ਵਜੇ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ। ਇਸੇ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ ਹੈ। ਸਰਬ ਸੰਮਤੀ ਨਾਲ ਕੁਲਤਾਰ ਸਿੰਘ ਸੰਧਵਾਂ ਦੀ ਸਪੀਕਰ ਵਜੋਂ ਚੋਣ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਤਾਰ ਸਿੰਘ ਸੰਧਵਾ ਨੂੰ ਵਧਾਈ ਦਿੱਤੀ।
ਇਸ ਤੋਂ ਬਾਅਦ CM ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅੱਗੇ ਤੋਂ ਵਿਧਾਨ ਸਭਾ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਪ੍ਰਤੀਨਿਧੀ ਕਿਸ ਤਰ੍ਹਾਂ ਮੁੱਦੇ ਚੁੱਕਦੇ ਹਨ। ਇਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਸਿੱਧਾ ਜਨਤਾ ਤੱਕ ਪਹੁੰਚੇਗੀ। ਇਸ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਗਵਰਨਰ ਬੀਐੱਲ ਪ੍ਰੋਹਿਤ ਵਿਧਾਨ ਸਭਾ ਨੂੰ ਸੰਬੋਧਿਤ ਕਰਨਗੇ।
ਦੱਸ ਦਈਏ ਇਸ ਤੋ ਪਹਿਲਾਂ 17 ਤਰੀਕ ਨੂੰ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੋਇਆ ਸੀ ਜਿਸ 'ਚ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ ਸੀ। 86 ਵਿਧਾਇਕਾਂ ਵੱਲੋਂ ਸਹੁੰ ਚੁੱਕੀ ਗਈ ਸੀ। ਉੱਥੇ ਹੀ ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 117 ਮੈਂਬਰੀ ਵਿਧਾਨ ਸਭਾ ਦਾ ਅਗਲਾ ਸਪੀਕਰ ਨਾਮਜ਼ਦ ਕੀਤਾ ਸੀ।