ਇਹ ਮਾਮਲਾ ਪਿੰਡ ਸਲਾਹਪੂਰ ਦਾ ਹੈ
ਗੁਰਦਾਸਪੁਰ : ਗੁਰਦਾਸਪੁਰ ’ਚ ਕੁੱਝ ਵਿਅਕਤੀਆਂ ਵੱਲੋਂ ਮਹਿਜ 200 ਰੁਪਏ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਪਿਉ ਨਾਲ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਰੂਪ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਹ ਮਾਮਲਾ ਪਿੰਡ ਸਲਾਹਪੂਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਉ-ਪੁੱਤਰ ਕਿਸੇ ਦੇ ਘਰ ਦਿਹਾੜੀ ਕਰਨ ਲਈ ਜਾਂਦੇ ਸਨ ਅਤੇ ਉਹਨਾਂ ਨੇ ਉਹਨਾਂ ਪਾਸੋਂ 200 ਰੁਪਏ ਉਧਾਰ ਲਏ ਜੱਦ ਉਹਨਾਂ ਨੇ ਪੈਸੈ ਵਾਪਿਸ ਮੰਗੇ ਤਾਂ ਦੋਵਾਂ ਵਿਚਕਾਰ ਬਹਿਸ ਬਾਜ਼ੀ ਸ਼ੁਰੂ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ਾਮ ਵੇਲੇ ਜਦੋਂ ਪਿਉ-ਪੁੱਤ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਤਾਂ ਉਨ੍ਹਾਂ ਨੇ ਆ ਕੇ ਬੇਸਬਾਲ ਦੇ ਨਾਲ ਦੋਵਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਸਾਜਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਿਤਾ ਮੰਗਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਵਿਅਕਤੀ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।