
ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੀ ਕਾਰ ਸਥਾਨਕ ਆਈਟੀਆਈ ਚੌਕ ਵਿਚ ਹਾਦਸਾਗ੍ਰਸਤ ਹੋ ਗਈ। ਕਾਰ ਵਿਚ ਸਵਾਰ
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਦਰਸ਼ਨ ਸਿੰਘ ਚੌਹਾਨ): ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੀ ਕਾਰ ਸਥਾਨਕ ਆਈਟੀਆਈ ਚੌਕ ਵਿਚ ਹਾਦਸਾਗ੍ਰਸਤ ਹੋ ਗਈ। ਕਾਰ ਵਿਚ ਸਵਾਰ ਸੁਰੱਖਿਆ ਅਮਲੇ ਦੇ ਜਵਾਨ ਵਾਲ ਵਾਲ ਬਚ ਗਏ ਜਦਕਿ ਹਾਦਸਾ ਗ੍ਰਸਤ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
File photo
ਇਸ ਸਬੰਧੀ ਥਾਣਾ ਸਿਟੀ ਸੁਨਾਮ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮਹੀਪਾਲ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਮੁੱਖ ਮੰਤਰੀ ਦੀ ਸੁਰੱਖਿਆ ਅਮਲੇ ਵਿਚ ਤਾਇਨਾਤ ਚਾਰ ਜਵਾਨ ਕਾਰ ’ਚ ਸਵਾਰ ਹੋ ਕੇ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਸੁਨਾਮ ਦੇ ਆਈ.ਟੀ.ਆਈ. ਚੌਕ ਨੇੜੇ ਲੰਘਣ ਲੱਗੀ ਤਾਂ ਪਿੱਛੋਂ ਆ ਰਿਹਾ ਚਾਵਲਾਂ ਦਾ ਭਰਿਆ ਟਰਾਲਾ ਕਾਰ ਵਿਚ ਜਾ ਵੱਜਾ।
ਟਰਾਲੇ ਦੀ ਟੱਕਰ ਕਾਰਨ ਸੁਰੱਖਿਆ ਅਮਲੇ ਦੀ ਕਾਰ ਅੱਗੇ ਖੜੇ ਟਰੱਕ ਅਤੇ ਟਰਾਲੇ ਦੇ ਵਿਚਾਲੇ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਵਿਚ ਸਵਾਰ ਮੁੱਖ ਮੰਤਰੀ ਦੀ ਸੁਰੱਖਿਆ ਅਮਲੇ ਦੇ ਚਾਰੇ ਜਵਾਨ ਕਾਰ ਚਾਲਕ ਗੁਰਸੇਵਕ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਸ਼ਿੰਦਰਪਾਲ ਸਿੰਘ ਵਾਲ ਵਾਲ ਬਚ ਗਏ। ਸਹਾਇਕ ਥਾਣੇਦਾਰ ਮਹੀਪਾਲ ਸਿੰਘ ਨੇ ਦਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।