
ਸੂਬਾ ਸਰਕਾਰ ਕੇਂਦਰ ਵੱਲੋਂ ਭੇਜੇ ਵੰਡਾਂ ਦਾ ਸਹੀ ਉਪਯੋਗ ਕਰੇ
ਡੇਰਾਬੱਸੀ, 20 ਅਪ੍ਰੈਲ(ਗੁਰਜੀਤ ਸਿੰਘ ਈਸਾਪੁਰ): ਜਿੱਥੇ ਪੂਰਾ ਵਿਸ਼ਵ ਕੋਰੋਨਾ ਦੀ ਭਿਆਨਕ ਬੀਮਾਰੀ ਨਾਲ ਜੂਝ ਰਿਹਾ ਹੈ ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਕੇਂਦਰ ਸਰਕਾਰ ਨੂੰ ਭੰਡਣ ਦਾ ਡਰਾਮਾ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੇਂਦਰ ਸਰਕਾਰ ਨੂੰ ਭੰਡਣ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਜਾਖੜ ਸਾਹਬ ਇਸ ਮੁਸ਼ਕਿਲ ਘੜੀ ਸਮੇਂ ਪੰਜਾਬ ਦੇ ਭਲੇ ਦੀ ਗੱਲ ਕਰਨ । ਉਨ੍ਹਾਂ ਕਿਹਾ ਪੰਜਾਬ ਸਰਕਾਰ ਤੋਂ ਜੈਕਾਰੇ ਲਗਾਉਣ ਲਈ ਕਹਿਣ ਵਾਲੇ ਜਾਖੜ ਸਾਹਬ ਪਹਿਲਾਂ ਇਹ ਦੱਸਣ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਕੇਂਦਰ ਵੱਲੋਂ ਪਹਿਲਾਂ ਭੇਜਿਆ ਰਾਸ਼ਨ ਅਤੇ ਫੰਡ ਕਿਥੇ ਖਰਚ ਕੀਤਾ ਹੈ। ਕੋਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ 20 ਮਾਰਚ ਤੋਂ ਬਾਅਦ 6000 ਕਰੋੜ ਰੁਪਏ ਭੇਜੇ ਜਿਹਨਾਂ ਵਿੱਚ 3485/- ਕਰੋੜ ਸਟੇਟ ਡਿਜਾਸਟਰ ਮੈਨੇਜਮੈਂਟ, 2326/- ਕਰੋੜ ਪੰਜਾਬ ਸਰਕਾਰ ਨੂੰ ਜੀਐੱਸਟੀ ਕੰਡਨਸੇਸਨ ਲਈ, 638/- ਕਰੋੜ ਰੇਵੇਨਿਊ ਘਾਟੇ ਲਈ, 247.50/- ਕਰੋੜ ਡਿਜਾਸਟਰ ਮੈਨੇਜਮੈਂਟ ਦੀ ਪਹਿਲੀ ਗਰਾਂਟ, 41 ਕਰੋੜ ਨੈਸ਼ਨਲ ਹੈਲਥ ਮਿਸ਼ਨ, 71.81 ਕਰੋੜ ਐਮਰਜੈਂਸੀ ਰਿਸਪਾਂਸ ਫੰਡ ਸਾਰੇ ਪੈਸੇ ਵਰਤ ਲਏ ਹਨ? ਇਸ ਤੋਂ ਇਲਾਵਾ 10.70 ਲੱਖ ਹਾਈਡਰੋਕਲੋਰੋਕੁਇਨ ਟੈਬਲੇਟ, 33,6150 95 ਮਾਸਕ 4500 ਪੀਪੀਈ ਕਿੱਟਾਂ ਇਹ ਸਾਰਾ ਸਮਾਨ ਪੰਜਾਬ ਸਰਕਾਰ ਕਿਉਂ ਨਹੀਂ ਲੋਕਾਂ ਤੱਕ ਪਹੁੰਚਾ ਰਹੀ?
ਇਸਤੋਂ ਇਲਾਵਾ ਪੰਜਾਬ ਦੇ 1.40 ਕਰੋੜ ਲੋਕਾਂ ਲਈ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਜਰੂਰਤਮੰਦਾਂ ਨੂੰ ਕਿਉ ਨਹੀਂ ਵੰਡਿਆ ਗਿਆ। ਉਨ੍ਹਾਂ ਕਿਹਾ ਮੋਹਾਲੀ ਜਿਲੇ ਵਿਚੋਂ ਉਨ੍ਹਾਂ ਨੂੰ ਰੋਜ਼ਾਨਾ ਲੋਕਾਂ ਦੇ ਫੋਨ ਆਉਂਦੇ ਹਨ ਕਿ ਉਨ੍ਹਾਂ ਨੂੰ ਰਾਸ਼ਨ ਦੀ ਕਿੱਲਤ ਆ ਰਹੀ ਹੈ ਪਰ ਅਫਸੋਸ ਹੈ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਜਰੂਰਤਮੰਦ ਲੋਕਾਂ ਨੂੰ ਨਹੀਂ ਵੰਡਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡਰਾਮੇ ਕਰਨ ਦੀ ਬਜਾਏ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਅਤੇ ਅਗਾਊਂ ਮਦਦ ਲਈ ਬੇਨਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਸ੍ਰੋਮਣੀ ਅਕਾਲੀ ਦਲ ਮੁਸ਼ਕਿਲ ਹਲਾਤਾਂ ਵਿਚ ਡੱਟ ਕੇ ਸਰਕਾਰ ਦਾ ਸਾਥ ਦੇਣ ਲਈ ਤਿਆਰ ਹੈ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਨੂੰ ਭੰਡਣ ਬਜਾਏ ਕੇਂਦਰ ਵੱਲੋਂ ਭੇਜੀ ਰਾਹਤ ਸਾਮੱਗਰੀ ਅਤੇ ਫੰਡ ਦਾ ਸਹੀ ਇਸਤੇਮਾਲ ਕਰਕੇ ਜਰੂਰਤਮੰਦਾਂ ਤੱਕ ਪਹੁੰਚਾਇਆ ਜਾਵੇ।