
ਸਮਾਜਕ ਦੂਰੀ ਅਤੇ ਸੈਨੀਟਾਈਜੇਸ਼ਨ ਵਰਗੇ ਨਿਯਮਾਂ ਦੀ ਕੀਤੀ ਜਾ ਰਹੀ ਸੀ ਪਾਲਣਾ
ਐਸ.ਏ.ਐਸ.ਨਗਰ, 20 ਅਪ੍ਰੈਲ (ਸੁਖਦੀਪ ਸਿੰਘ ਸੋਈ): ਕੋਰੋਨਾ ਵਾਇਰਸ ਬਿਮਾਰੀ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜਰ, ਸਮਾਜਕ ਦੂਰੀਆਂ ਸੰਬੰਧੀ ਦਿਸਾ ਨਿਰਦੇਸਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਅੱਜ ਵੇਰਕਾ ਪਲਾਂਟ ਵਿਖੇ ਸਵੇਰੇ 10.00 ਵਜੇ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਟੀਮ ਵਿੱਚ ਜਸਵਿੰਦਰ ਸਿੰਘ ਏ.ਆਰ. ਮੁਹਾਲੀ, ਕੰਵਰ ਪੁਨੀਤ ਸਿੰਘ ਇੰਸਪੈਕਟਰ ਸਹਿਰੀ-4 ਮੁਹਾਲੀ, ਜੁਝਾਰ ਸਿੰਘ ਇੰਸਪੈਕਟਰ ਸਹਿਰੀ-2 ਮੁਹਾਲੀ ਅਤੇ ਤੇਜਿੰਦਰ ਸਿੰਘ ਜ.ੇਈ ਇਲੈਕਟ੍ਰੀਕਲ ਐਮਸੀ ਮੁਹਾਲੀ ਸਾਮਲ ਸਨ। ਏ ਕੇ ਮਿਸਰਾ, ਮੈਨੇਜਰ ਐਚ.ਆਰ, ਵੇਰਕਾ ਮਿਲਕ ਪਲਾਂਟ ਮੁਹਾਲੀ ਨੇ ਜਾਂਚ ਟੀਮ ਨੂੰ ਸਹਿਯੋਗ ਦਿੱਤਾ।
ਟੀਮ ਨੇ ਪਾਇਆ ਕਿ ਸੁਰੱਖਿਆ ਕਰਮਚਾਰੀ ਟ੍ਰਿਪਲ ਲੇਅਰਡ ਮਾਸਕ ਪਾ ਕੇ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਸਨ ਅਤੇ ਦਫਤਰ ਵਿਚ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ, ਗੇਟ 'ਤੇ ਥਰਮਲ ਸਕੈਨਰ ਉਪਲਬਧ ਸੀ ਜਿੱਥੇ ਸੁਰੱਖਿਆ ਦੀ ਦੂਜੀ ਲਾਈਨ ਲਗਾਈ ਗਈ ਹੈ। ਹਰੇਕ ਆਉਣ ਵਾਲੇ ਨੂੰ ਟੀਐਸਡੀ (ਥਰਮਲ ਸਕੈਨਿੰਗ ਡਿਵਾਈਸ) ਦੀ ਵਰਤੋਂ ਕਰਕੇ ਸਕੈਨ ਕੀਤਾ ਜਾ ਰਿਹਾ ਸੀ। ਮੁੱਖ ਗੇਟ 'ਤੇ ਅਲਕੋਹਲ ਅਧਾਰਤ ਸੈਨੀਟਾਈਜਰ ਉਪਲਬਧ ਸੀ। ਇੱਕ ਸੈਨੀਟਾਈਜਿੰਗ ਟੱਨਲ ਵੀ ਬਣਾਈ ਗਈ ਹੈ ਪਰੰਤੂ ਇਸ ਦੀ ਵਰਤੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਐਡਵਾਈਜ਼ਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ।
ਦੁੱਧ ਦੇ ਟੈਂਕਰਾਂ ਨੂੰ ਪਹਿਲਾਂ ਗੇਟ 'ਤੇ ਅਤੇ ਦੁਬਾਰਾ ਰਿਸੈਪਸਨ ਸਪਾਟ 'ਤੇ ਪਹੁੰਚਣ 'ਤੇ ਸੈਨੀਟਾਈਜ਼ ਕੀਤਾ ਜਾ ਰਿਹਾ ਸੀ ਜਿੱਥੇ ਦੁੱਧ ਸਿਲੋਜ ਵਿਚ ਪਾਇਆ ਜਾਂਦਾ ਹੈ। ਉਥੇ ਮੌਜੂਦ ਵਰਕਰਾਂ ਅਤੇ ਡਰਾਈਵਰਾਂ ਦੁਆਰਾ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ।
ਸਾਰੇ ਮਜਦੂਰ ਆਪਣੇ ਹੱਥਾਂ ਵਿਚ ਦਸਤਾਨੇ ਅਤੇ ਮੂੰਹ 'ਤੇ ਮਾਸਕ ਪਹਿਨ ਕੇ ਕੰਮ ਕਰ ਰਹੇ ਸਨ। ਸਾਰੇ ਸੈਕਸ਼ਨਾਂ ਵਿੱਚ ਐਂਟਰੀ ਪੁਆਇੰਟ 'ਤੇ ਅਲਕੋਹਲ ਅਧਾਰਤ ਸੈਨੀਟਾਈਜਿੰਗ ਦੀ ਸਹੂਲਤ ਸੀ ਅਤੇ ਅਧਿਕਾਰੀਆਂ/ ਕਰਮਚਾਰੀਆਂ ਦੀ ਸਹੂਲਤ ਲਈ ਇੱਕ ਸੁਰੱਖਿਆ ਗਾਰਡ ਵੀ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜਿੱਥੇ ਕੰਮ ਖਤਮ ਹੋ ਗਿਆ ਸੀ ਉਥੇ ਫਰਸਾਂ ਦੀ ਸਫਾਈ ਵੀ ਚੱਲ ਰਹੀ ਸੀ।