
ਬੀਤੇ ਦਿਨੀਂ ਨੇੜਲੇ ਪਿੰਡ ਲਖਨੌਰ ਵਿਖੇ ਦੇਰ ਰਾਤ ਫ਼ਰਨੀਚਰ ਮਾਰਕੀਟ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਸੜਕ ਹਾਦਸੇ ਦੌਰਾਨ ਅਣਪਛਾਤੇ ਵਾਹਨ
ਕੁਰਾਲੀ, 20 ਅਪ੍ਰੈਲ (ਪਪ) : ਬੀਤੇ ਦਿਨੀਂ ਨੇੜਲੇ ਪਿੰਡ ਲਖਨੌਰ ਵਿਖੇ ਦੇਰ ਰਾਤ ਫ਼ਰਨੀਚਰ ਮਾਰਕੀਟ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਸੜਕ ਹਾਦਸੇ ਦੌਰਾਨ ਅਣਪਛਾਤੇ ਵਾਹਨ ਚਾਲਕ ਵਲੋਂ ਫੇਟ ਮਾਰ ਕੇ ਜ਼ਖ਼ਮੀ ਕਰਨ ’ਤੇ ਮੌਕੇ ਤੋਂ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ। ਇਸ ’ਚ 2 ਨੌਜਵਾਨਾਂ ਦੀ ਮੌਤ ਹੋ ਜਾਣ ਜਦਕਿ ਇਕ ਨੂੰ ਡਾਕਟਰਾਂ ਵਲੋਂ ਮੁਢਲੇ ਇਲਾਜ ਮਗਰੋਂ ਘਰ ਭੇਜ ਦਿਤੇ ਜਾਣ ਦੀ ਖ਼ਬਰ ਮਿਲੀ। ਥਾਣਾ ਸਦਰ ਕੁਰਾਲੀ ਵਲੋਂ ਤੀਜੇ ਵਿਅਕਤੀ ਨਰੇਸ਼ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਗਈ।
ਤਫ਼ਤੀਸ਼ੀ ਅਫ਼ਸਰ ਦਲਵਿੰਦਰ ਸਿੰਘ ਨੇ ਦਸਿਆ ਕਿ ਚਸ਼ਮਦੀਦ ਨਰੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ (ਗੜਵਾਲ ਉਤਰਾਖੰਡ) ਹਾਲ ਵਾਸੀ ਵਾਰਡ ਨੰਬਰ 7 ਸਿਸਵਾਂ ਰੋਡ ਕੁਰਾਲੀ ਵਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ ਉਹ ਅਪਣੇ ਸਾਥੀਆਂ ਪਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਅਰਨੌਲੀ (ਰੋਪੜ) ਤੇ ਜਸਪ੍ਰਰੀਤ ਸਿੰਘ ਪੁੱਤਰ ਸਤਵੰਤ ਸਿੰਘ ਵਾਰਡ ਨੰਬਰ 2 ਨੇੜੇ ਗੋਇਲ ਹਸਪਤਾਲ ਰੋਪੜ ਰੋਡ ਇਕੱਠੇ ਨੇੜਲੇ ਪਿੰਡ ਫ਼ੋਕਲ ਪੁਆਇੰਟ ਚਨਾਲੋਂ ਵਿਖੇ ਮੈਟਾਲੇਨਿਕ ਕੰਪਨੀ ’ਚ ਵੈਲਡਿੰਗ ਦਾ ਕੰਮ ਕਰਦੇ ਸਨ।
20 ਅਪ੍ਰੈਲ ਦੀ ਰਾਤ ਉਹ ਇਕੱਠੇ ਹੀ ਸਨ ਤੇ ਲਾਕਡਾਊਨ ਹੋਣ ਕਾਰਨ ਉਹ ਤਿੰਨੋਂ ਮੋਟਰਸਾਈਕਲ (ਪੀਬੀ 87-4206) ’ਤੇ ਪਰਵਿੰਦਰ ਨੂੰ ਘਰ ਛੱਡਣ ਲਈ ਜਾ ਰਹੇ ਸਨ। ਜਦੋਂ ਉਹ ਪਿੰਡ ਲਖਨੌਰ ਨੇੜੇ ਪੁੱਜੇ ਤਾਂ ਇਕ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਨੂੰ ਪਿੱਛੋਂ ਫੇਟ ਮਾਰ ਦਿਤੀ ਜਿਸ ਕਾਰਨ ਉਹ ਸੜਕ ’ਤੇ ਡਿੱਗ ਪਏ। ਮੌਕੇ ’ਤੇ ਹਾਜ਼ਰ ਰਾਹਗੀਰਾਂ ਨੇ ਉਨ੍ਹਾਂ ਨੂੰ ਚੁੱਕਿਆ ਤੇ ਐਂਬੂਲੈਂਸ ਅਤੇ ਕੁਰਾਲੀ ਪੁਲਿਸ ਨੂੰ ਸੂਚਿਤ ਕੀਤਾ। ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਪਰਵਿੰਦਰ ਨੂੰ ਮ੍ਰਿਤਕ ਐਲਾਨ ਦਿਤਾ।
ਹਾਲਤ ਗੰਭੀਰ ਹੋਣ ਕਾਰਨ ਨਰੇਸ਼ ਕੁਮਾਰ ਤੇ ਜਸਪ੍ਰਰੀਤ ਨੂੰ ਜੀਐੱਮਸੀਐੱਚ ਸੈਕਟਰ-16 ਚੰਡੀਗੜ੍ਹ ਰੈਫ਼ਰ ਕੀਤਾ ਗਿਆ ਜਿਥੇ ਦੂਜੇ ਦਿਨ ਦੁਪਹਿਰ 2 ਵਜੇ ਦੇ ਕਰੀਬ ਇਲਾਜ ਦੌਰਾਨ ਜਸਪ੍ਰੀਤ ਦੀ ਵੀ ਮੌਤ ਹੋ ਗਈ ਤੇ ਮੈਨੂੰ ਡਾਕਟਰਾਂ ਵਲੋਂ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ। ਥਾਣਾ ਸਦਰ ਨੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਅਤੇ ਮਾਮਲਾ ਦਰਜ ਕਰ ਕੇ ਅਣਪਛਾਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।