
ਸੁਨੀਲ ਜਾਖੜ ਅਤੇ ਮੰਤਰੀਆਂ ਸਣੇ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਵੀ ਜੈਕਾਰਾ, ਜੈ ਘੋਸ਼ ਦਿਵਸ 'ਚ ਹਿੱਸਾ
ਚੰਡੀਗੜ੍ਹ, 20 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉਪਰ ਕੋਰੋਨਾ ਵਾਇਰਸ ਮਹਾਂਮਾਰੀ ਵਿਰੁਧ ਇਕਜੁਟਤਾ ਦਾ ਵਿਖਾਵਾ ਕਰਨਨ ਲਈ ਜਿੱਥੇ ਥਾਲੀਆਂ ਵਜਾਉਣ ਅਤੇ ਬੱਤੀ ਬੰਦ ਕਰ ਕੇ ਦੀਵੇ ਜਗਾਉਣ ਵਰਗੇ ਵਿਲੱਖਣ ਪ੍ਰਦਰਸ਼ਨ ਕੀਤੇ ਗਏ, ਉਥੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਨੇ ਵੀ ਕੋਰੋਨਾ ਵਿਰੁਧ ਲੋਕਾਂ ਦੀ ਇਕਜੁਟਤਾ ਪ੍ਰਗਟਾਵੇ ਅਤੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਸੰਕਟ ਦੀ ਔਖੀ ਘੜੀ 'ਚ ਖ਼ਤਰੇ ਦੇ ਮੱਦੇਨਜ਼ਰ ਵਿੱਤੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦੇ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਭਰ 'ਚ ਜੈਕਾਰਾ ਘੋਸ਼ ਦਿਵਸ ਮਨਾਇਆ ਗਿਆ।
ਇਸ ਪ੍ਰੋਗਰਾਮ ਤਹਿਤ ਪੰਜਾਬ ਕਾਂਗਰਸ ਨਾਲ ਸੁਨੀਲ ਜਾਖੜ ਵਲੋਂ ਪਾਰਟੀ ਵਰਕਰਾਂ ਅਤੇ ਹੋਰ ਲੋਕਾਂ ਨੂੰ ਅੱਜ ਸ਼ਾਮ 6 ਵਜੇ ਆਪੋ-ਅਪਣੇ ਧਰਮਾਂ ਅਤੇ ਇੱਛਾ ਮੁਤਾਬਕ 'ਬੋਲੇ ਸੋ ਨਿਹਾਲ' ਅਤੇ 'ਹਰ ਹਰ ਮਹਾਂਦੇਵ' ਦੇ 5 ਮਿੰਟ ਲਈ ਜੈਕਾਰੇ ਲਾਉਣ ਦਾ ਸੱਦਾ ਦਿਤਾ ਸੀ। ਇਸ ਸੱਦੇ ਤਹਿਤ ਅੱਜ ਰਾਜ ਭਰ 'ਚ ਕਾਂਗਰਸੀ ਵਰਕਰਾਂ ਵਲੋਂ ਥਾਂ ਥਾਂ ਅਪਣੇ ਘਰਾਂ ਦੇ ਵਿਹੜਿਆਂ, ਛੱਤਾਂ ਅਤੇ ਕਈ ਥਾਈਂ ਘਰਾਂ ਤੋਂ ਬਾਹਰ ਨਿਕਲ ਕੇ ਦਰਵਾਜ਼ਿਆਂ ਅੱਗੇ ਖੜੇ ਹੋ ਕੇ ਜੈਕਾਰੇ ਲਾਏ ਗਏ। ਇਸ ਤਰ੍ਹਾਂ 'ਬੋਲੇ ਸੋ ਨਿਹਾਲ' ਅਤੇ 'ਹਰ ਹਰ ਮਹਾਂਦੇਵ' ਦੇ ਪੰਜਾਬ ਭਰ 'ਚ ਇਸ ਸਮੇਂ ਇਹ ਜੈਕਾਰੇ ਗੂੰਜੇ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਨਵੀਂ ਦਿੱਲੀ 'ਚ ਹੀ ਅਪਣੀ ਰਿਹਾਇਸ਼ 'ਤੇ ਲਗਾਤਾਰ 5 ਮਿੰਟ ਜੈਕਾਰੇ ਲਾਏ। ਇਸੇ ਤਰ੍ਹਾਂ ਪੰਜਾਬ ਭਰ 'ਚ ਲਗਭਗ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਪ੍ਰਮੁੱਖ ਨੇਤਾਵਾਂ ਨੇ ਵੀ ਪਾਰਟੀ ਦੇ ਇਸ ਜੈਕਾਰਾ ਘੋਸ਼ ਦਿਵਸ 'ਚ ਹਿੱਸਾ ਲਿਆ।
ਜ਼ਿਕਰਯਗ ਹੈ ਕਿ ਸੁਨੀਲ ਜਾਖੜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਅੱਜ ਇਕ ਚਿੱਠੀ ਵੀ ਲਿਖੀ ਜਿਸ 'ਚ ਰਾਜ ਦੀਆਂ ਕੋਰੋਨਾ ਸੰਕਟ ਦੀਆਂ ਲੋੜਾਂ ਦੇ ਮੱਦੇਨਜ਼ਰ 31000 ਕਰੋੜ ਰੁਪਏ ਦੇ ਅਨਾਜ ਖ਼ਰੀਦ ਖਾਤਿਆਂ ਦਾ ਕਰਜ਼ਾ ਮਾਫ਼ ਕਰਨ ਅਤੇ ਹੁਣ ਤਕ ਵਸੂਲੀਆਂ ਸਾਰੀਆਂ ਕਿਸਤਾਂ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਹੈ। ਗ਼ਲਤ ਬਿਜਲੀ ਥਰਮਲ ਸਮਝੌਤਿਆਂ ਕਾਰਨ ਰਾਜ 'ਤੇ ਹਰ ਦਿਨ ਪੈ ਰਹੇ 10 ਕਰੋੜ ਦੇ ਵਾਧੂ ਬੋਝ ਨੂੰ ਖ਼ਤਮ ਕਰਵਾਉਣ, ਡੀਜ਼ਲ ਦੀਆਂ ਕੀਮਾਂ 'ਚ ਕਟੌਤੀ ਕਰਨ, ਮਗਨਰੇਗਾ ਕਾਮਿਆਂ ਦੇ ਖਾਤਿਆਂ 'ਚ 50 ਦਿਨਾਂ ਦੀ ਮਜ਼ਦੂਰੀ ਦੇ ਪੈਸੇ ਪਾਉਣ ਅਤੇ ਪੰਜਾਬ ਨੂੰ ਲਾਕਡਾਊਨ 'ਚ ਹੋਣ ਵਾਲੇ 22000 ਕਰੋੜ ਦੇ ਨੁਕਸਾਨ ਦੇ ਮੱਦੇਨਜ਼ਰ ਜੀ.ਐਸ.ਟੀ. ਸਮੇਂ ਬਕਾਇਆ ਰਕਮ ਜਾਰੀ ਕਰਨ ਅਤੇ 20 ਕਰੋੜ ਰੁਪਏ ਦਾ ਆਰਥਕ ਪੈਕੇਜ ਦੇਣ ਦੀ ਮੰਗ ਵੀ ਕੀਤੀ ਹੈ।