
ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਦੇ ਨਾਂ 'ਤੇ ਰਖਿਆ ਜਾਵੇਗਾ ਲੋਹੀਆਂ ਵਿਖੇ ਨਵੀਂ ਆਈ.ਟੀ.ਆਈ. ਦਾ ਨਾਮ : ਕੈਪਟਨ
ਚੰਡੀਗੜ੍ਹ, 20 ਅਪਰੈਲ (ਸਪੋਕਸਮੈਨ ਸਮਾਚਾਰ ਸੇਵਾ) : ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵਲੋਂ ਲੋਹੀਆ (ਸ਼ਾਹਕੋਟ) ਵਿਖੇ ਨਵੀਂ ਬਣਨ ਵਾਲੀ ਆਈ.ਟੀ.ਆਈ. ਦਾ ਨਾਮ ਭਾਈ ਸਾਹਿਬ ਦੇ ਨਾਮ ਉਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ 2 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪਰਵਾਰ ਨੂੰ ਭੇਜੇ ਸ਼ੋਕ ਸੰਦੇਸ਼ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਮਹਾਨ ਰਾਗੀ ਸਿੰਘ ਦੇ ਬੇਵਕਤੀ ਚਲਾਣੇ 'ਤੇ ਡੂੰਘਾ ਦੁੱਖ ਹੋਇਆ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਰਾਗਾਂ ਦੀ ਮੁਹਾਰਤ ਹਾਸਲ ਸੀ। ਦੁਖੀ ਪਰਵਾਰ, ਰਿਸ਼ਤੇਦਾਰਾਂ, ਦੋਸਤਾਂ ਅਤੇ ਭਾਈ ਸਾਹਿਬ ਨੂੰ ਪੰਜਾਬ, ਦੇਸ਼ ਅਤੇ ਦੁਨੀਆਂ ਵਿਚ ਚਾਹੁਣ ਵਾਲੇ ਲੱਖਾਂ ਪ੍ਰਸ਼ੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖ਼ਾਲਸਾ ਜੀ ਨੇ ਦੁਨੀਆਂ ਭਰ ਵਿਚ ਕੀਰਤਨ ਰਾਹੀਂ ਅਪਣੀ ਸਾਰੀ ਉਮਰ ਗੁਰਮਤਿ ਸੰਗੀਤ ਦੇ ਲੇਖੇ ਲਾਈ। ਮੁੱਖ ਮੰਤਰੀ ਨੇ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।