
ਇੰਡੀਆਨਾਪੋਲਿਸ ਗੋਲੀਬਾਰੀ ਦੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਲਈ ਸੰਗਤਾਂ ਰਾਕਵਿਲ ਵਿਖੇ ਹੋਈਆਂ ਇਕੱਤਰ
ਮੈਰੀਲੈਂਡ, 20 ਅਪ੍ਰੈਲ (ਸੁਰਿੰਦਰ ਗਿੱਲ): ਰਾਕਵਿਲ ਵਿਚ ਸਿੱਖ ਰੂਹਾਨੀ ਕੇਂਦਰ ਦੇ ਬਾਹਰ ਸੰਗਤਾ ਬੀਤੇ ਦਿਨੀਂ ਇੰਡੀਆਨਾਪੋਲਿਸ ਵਿਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ, ਜਿਨ੍ਹਾਂ ਵਿਚੋਂ ਚਾਰ ਸਿੱਖ ਸਨ। ਇਸ ਦੁੱਖ ਦੀ ਘੜੀ ਵਿਚ ਮੋਮਬੱਤੀ ਮਾਰਚ ਵੀ ਸਾਂਝੇ ਤੌਰ ’ਤੇ ਕੀਤਾ ਗਿਆ।
ਬੱਚਿਆਂ ਨੇ ਮੋਮਬੱਤੀਆਂ ਜਗਾ ਕੇ ਨਫ਼ਰਤ ਦੀ ਨਿੰਦਾ ਕੀਤੀ ਅਤੇ ਪਿਆਰ ਅਤੇ ਬਰਾਬਰੀ ਦਾ ਸਮਰਥਨ ਕੀਤਾ। ਸਿੱਖ ਕੌਂਸਲ ਰਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਡਾ.ਰਾਜਵੰਤ ਸਿੰਘ ਨੇ ਕਿਹਾ “ਇੰਡੀਆਨਾਪੋਲਿਸ ਦੀਆਂ ਘਟਨਾਵਾਂ ਨੇ ਸਿੱਖ ਕੌਮ ਨੂੰ ਸੱਚਮੁੱਚ ਦੇਸ਼ ਭਰ ਵਿਚ ਤਬਾਹ ਕਰ ਦਿਤਾ ਹੈ ਅਤੇ ਸਾਨੂੰ ਮਹਿਸੂਸ ਹੋਇਆ ਹੈ ਕਿ ਸਾਨੂੰ ਚੌਕਸੀ ਜ਼ਾਹਰ ਕਰਦਿਆਂ ਅਪਣਾ ਦੁੱਖ ਅਤੇ ਘਾਟੇ ਦੀ ਭਾਵਨਾ ਜ਼ਾਹਰ ਕਰਨ ਦੀ ਲੋੜ ਹੈ।’’ ਮੁਸਲਿਮ ਸੁਸਾਇਟੀ ਦੇ ਟਰੱਸਟੀਆਂ ਤੇ ਬੋਰਡ ਦੇ ਚੇਅਰਮੈਨ ਰਿਜਵਾਨ ਜਾਕਾ ਨੇ ਕਿਹਾ,“ਸਿੱਖ ਭਾਈਚਾਰਾ ਮਾੜੇ ਪ੍ਰਤੀ, ਚੰਗੇ ਵਾਲਾ ਪ੍ਰਤੀਕਰਮ ਕਰਦਾ ਹੈ। ਇਹ ਉਹ ਚੀਜ਼ ਹੈ ਜੋ ਅਸੀਂ ਸੇਵਾ, ਪਿਆਰ ਅਤੇ ਲਚਕੀਲੇਪਣ ਨਾਲ ਵੇਖੀ ਹੈ।” ਹਾਜ਼ਰੀਨ ਨੇ ਬੰਦੂਕ ਸੁਧਾਰਾਂ ਦੀ ਮੰਗ ਕੀਤੀ ਤਾਂ ਜੋ ਨਾ ਸਿਰਫ਼ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਗੋਲੀਬਾਰੀ ਨੂੰ ਰੋਕਿਆ ਜਾ ਸਕੇ, ਬਲਕਿ ਗੋਲੀਬਾਰੀ ਜੋ ਸਾਰੇ ਯੂ.ਐਸ. ਵਿਚ ਹਰ ਦਿਨ ਹੁੰਦੀ ਹੈ। ਉਸ ’ਤੇ ਰੋਕ ਲਗਾਈ ਜਾ ਸਕੇ।