
ਜੇਕਰ ਤੁਹਾਡੇ ਨਾਲ ਪੁਲਿਸ ਜਾਂ ਕੋਈ ਅਧਿਕਾਰੀ ਧੱਕਾ ਕਰੇਗਾ ਤਾਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਾਵਾਂਗੇ
ਨਿਹਾਲ ਸਿੰਘ ਵਾਲਾ (ਸਤਪਾਲ ਭਾਗੀਕੇ): ਕਿਸਾਨਾਂ ਨੂੰ ਹਰ ਸਹੂਲਤ ਦੇਣ ਵਾਲੀਆਂ ਸੋਸਾਇਟੀਆਂ ਰਾਜਨੀਤੀ ਦੀ ਭੇਂਟ ਚੜ੍ਹਨ ਤੋਂ ਬਾਅਦ ਮਾੜੇ ਹਾਲਾਤ ਵਿਚੋਂ ਲੰਘ ਰਹੀਆਂ ਹਨ, ਜਿਨ੍ਹਾਂ ਵਿਚ ਪਹਿਲਾਂ ਪਿੰਡਾਂ ਦੇ ਲੋਕ ਸਰਬ ਸੰਮਤੀ ਨਾਲ ਅਤੇ ਵੋਟਾਂ ਨਾਲ ਚੋਣ ਕਰ ਕੇ ਮੈਂਬਰ ਚੁਣਦੇ ਸਨ ਅਤੇ ਮੈਂਬਰ ਕਿਸੇ ਇਕ ਦੇ ਸਿਰ ਪ੍ਰਧਾਨਗੀ ਦਾ ਤਾਜ ਟਿਕਾ ਦਿੰਦੇ ਸਨ। ਪਰ ਹੁਣ ਜਿਸ ਦਾ ਰਾਜ ਉਸ ਦਾ ਸੱਤੀ ਵੀਹੀ ਸੌ ਵਾਲੀ ਗੱਲ ਬਣ ਜਾਂਦੀ। ਜ਼ਿਲ੍ਹੇ ਅੰਦਰ ਇਸ ਵਾਰ ਜ਼ਿਆਦਾ ਚੋਣਾਂ ਕਥਿਤ ਤੌਰ ’ਤੇ ਪੁਲਿਸ ਦੀ ਧੱਕੇਸ਼ਾਹੀ ਨਾਲ ਹੀ ਹੋਈਆਂ ਅਤੇ ਅਕਾਲੀ ਵਰਕਰ ਵੀ ਹਿੱਕ ਠੋਕ ਕਹਿ ਰਹੇ ਹਨ ਕਿ ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ, ਭਾਵ ਅਕਾਲੀ ਸਰਕਾਰ ਆਉਣ ਤੇ ਇਸੇ ਪ੍ਰਸ਼ਾਸਨ ਤੋਂ ਅਸੀਂ ਆਵਦੇ ਵਰਕਰਾਂ ਨੂੰ ਮੈਂਬਰ ਅਤੇ ਪ੍ਰਧਾਨਗੀਆਂ ਦੇਵਾਂਗੇ।
Field
ਮੀਨੀਆਂ ਪਿੰਡ ’ਚ ਚੋਣ ਲਈ ਕਾਗ਼ਜ਼ ਦਾਖ਼ਲ ਕੀਤੇ ਜਾਣੇ ਸਨ, ਪਰ ਪਿੰਡ ਦੇ ਸਰਪੰਚ ਜਗਸੀਰ ਸਿੰਘ ਵਲੋਂ ਅਪਣੇ ਸਾਥੀਆਂ ਨੂੰ ਸੋਸਾਇਟੀ ਅੰਦਰ ਲਿਜਾ ਕੇ ਗੇਟ ਬੰਦ ਕਰ ਦਿਤਾ ਅਤੇ ਗੇਟ ਅੱਗੇ ਡਾਂਗਾਂ ਲੈ ਕੇ ਪੁਲਿਸ ਖੜ ਗਈ ਜਿਸ ਨੂੰ ਦੇਖ ਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੈਂਬਰ ਬਲਾਕ ਸੰਮਤੀ ਗੁਰਸੇਵਕ ਸਿੰਘ ਵਲੋਂ ਵਿਰੋਧ ਕੀਤਾ ਗਿਆਂ। ਸਾਬਕਾ ਸਰਪੰਚ ਨੇ ਇਹ ਮਾਮਲਾ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਧਿਆਨ ’ਚ ਵੀ ਲਿਆਂਦਾ। ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਸਤਵੰਤ ਸਿੰਘ ਸੱਤਾ ਮੀਨੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਹੱਕ ’ਚ ਦਿਗਜ ਨੇਤਾ ਖਣਮੁੱਖ ਭਾਰਤੀ ਪੱਤੋ ਅਤੇ ਹਰਜਿੰਦਰ ਸਿੰਘ ਕੁੱਸਾ ਵੀ ਆ ਕੇ ਡੱਟ ਗਏ। ਜਿਨ੍ਹਾਂ ਵਰਕਰਾਂ ਨੂੰ ਪਹਿਲਾਂ ਭਰੋਸਾ ਦਿਤਾ ਕਿ ਜੇਕਰ ਤੁਹਾਡੇ ਨਾਲ ਪੁਲਿਸ ਜਾਂ ਕੋਈ ਅਧਿਕਾਰੀ ਧੱਕਾ ਕਰੇਗਾ ਤਾਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਾਵਾਂਗੇ ਤਾਂ ਇਨ੍ਹਾਂ ਆਗੂਆਂ ਸੋਸਾਇਟੀ ਅੱਗੇ ਧਰਨਾ ਮਾਰ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਚੇਅਰਮੈਨ ਲਖਵੀਰ ਸਿੰਘ ਲੱਖਾ ਦੌਧਰ ਵੀ ਤੁਰਤ ਮੀਨੀਆਂ ਪਹੁੰਚ ਗਏ। ਜਿਨ੍ਹਾਂ ਆ ਕੇ ਸਰਪੰਚ ਜਗਸੀਰ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ ਤੇ ਖਣਮੁੱਖ ਭਾਰਤੀ ਪੱਤੋਂ ਨਾਲ ਸਰਬਸੰਮਤੀ ਦੀ ਗੱਲ ਕੀਤੀ ਤਾਂ ਸਾਰੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਇਸ ਤੇ ਸਹਿਮਤੀ ਪ੍ਰਗਟ ਕੀਤੀ।
Election
ਉਕਤ ਆਗੂਆਂ ਨੇ ਕੁਲ 11 ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਅਤੇ ਕਿਹਾ ਕਿ ਇਹ ਮੈਂਬਰ 15 ਦਿਨਾਂ ਤਕ ਇਕ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਨਗੇ ਜੋ ਸੋਸਾਇਟੀ ਦਾ ਕੰਮ ਚਲਾਉਣਗੇ। ਭਾਰਤੀ ਪੱਤੋ ਨੇ ਕਿਹਾ ਕਿ ਸੋਸਾਇਟੀ ’ਚ ਸਿਰਫ਼ ਇਕ ਸੇਵਾਦਰ ਹੀ ਹੈ,ਹੋਰ ਕੋਈ ਮੁਲਾਜ਼ਮ ਨਹੀਂ, ਜੋ ਹੈਰਾਨੀ ਵਾਲੀ ਗੱਲ ਹੈ ਕਿ ਸੋਸਾਇਟੀ ਚਲ ਕਿਵੇਂ ਰਹੀ ਹੈ। ਪਿੰਡ ਵਾਸੀਆਂ ਨੇ ਦਸਿਆਂ ਕਿ ਅਸੀ ਸੰਦ ਲੋਪੋਂ ਸੋਸਾਇਟੀ ਤੋਂ ਲੈ ਕੇ ਆਉਦੇ ਹਾਂ। ਇਥੇ ਖੇਤੀ ਸੰਦ ਖ਼ਰਾਬ ਹੋ ਚੁੱਕੇ ਹਨ ਤਾਂ ਭਾਰਤੀ ਪੱਤੋਂ ਨੇ ਯਕੀਨ ਦਿਵਾਇਆ ਕਿ ਪਹਿਲਾਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਵੀ ਦਿੱਤੀ, ਜਿਨ੍ਹਾਂ ਇਸ ਰੌਲੇ ਤੋਂ ਬਚ ਕੇ ਸਰਬਸੰਮਤੀ ਬਣਾਈ। ਇਸ ਮੌਕੇ ਅਵਤਾਰ ਸਿੰਘ ਤਾਰਾ, ਸਿਮਰਾ ਮਾਨ, ਮੇਜਰ ਸਿੰਘ , ਸਾਧੂ ਸਿੰਘ, ਗਗਨ ਘੁਮਾਣ, ਸੰਦੀਪ ਕੁਮਾਰ, ਗਿੰਦਰ ਸੇਠ, ਪਰਮਜੀਤ ਨਿੱਟੂ, ਸੁਰਜੀਤ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ, ਚਰਨ ਸਿੰਘ ਮੈਬਰ ਕੁੱਸਾ, ਚਮਕੌਰ ਸਿੰਘ ਸੋਸਾਇਟੀ ਪ੍ਰਧਾਨ ਕੁੱਸਾ, ਸਿਵ ਸੰਕਰ, ਰਵੀਇੰਦਰ ਸਿੰਘ ਰਵੀ ਲੋਪੋਂ, ਮਨਜੀਤ ਕੌਰ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਜੱਗਾ ਨੰਬਰਦਾਰ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਅਕਾਲੀ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।