
ਸੁਪਰੀਮ ਕੋਰਟ ਨੇ ਯੂ.ਪੀ ਦੇ 5 ਸ਼ਹਿਰਾਂ 'ਚ ਤਾਲਾਬੰਦੀ ਲਗਾਉਣ ਦੇ ਹਾਈ ਕੋਰਟ ਦੇ ਹੁਕਮਾਂ 'ਤੇ ਲਗਾਈ ਰੋਕ
ਨਵੀਂ ਦਿੱਲੀ, 20 ਅਪ੍ਰੈਲ : ਸੁਪਰੀਮ ਕੋਰਟ ਨੇ ਕੋਵਿਡ-19 ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਣ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ 5 ਸ਼ਹਿਰਾਂ 'ਚ 26 ਅਪ੍ਰੈਲ ਤਕ ਸਖ਼ਤ ਤਾਲਾਬੰਦੀ ਲਾਗੂ ਕਰਨ ਦੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ 'ਤੇ ਮੰਗਲਵਾਰ ਨੂੰ ਅੰਤਰਮ ਰੋਕ ਲਗਾ ਦਿਤੀ |
ਸੁਪਰੀਮ ਕੋਰਟ ਨੇ ਇਸ ਨਾਲ ਹੀ ਇਸ ਮਾਮਲੇ 'ਚ ਐਡਵੋਕੇਟ ਪੀ.ਐਸ. ਨਰਸਿਮਹਾ ਨੂੰ ਨਿਆਂ ਮਿੱਤਰ ਨਿਯੁਕਤ ਕੀਤਾ ਹੈ | ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਦੇ ਸਾਹਮਣੇ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੇ ਇਸ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ | ਮੇਹਤਾ ਨੇ ਸੋਮਵਾਰ ਨੂੰ ਦਿਤੇ ਗਏ ਹਾਈ ਕੋਰਟ ਦੇ ਆਦੇਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਇਕ ਨਿਆਇਕ ਆਦੇਸ਼ 'ਚ ਇਕ ਹਫ਼ਤੇ ਲਈ ਇਕ ਤਰ੍ਹਾਂ
ਨਾਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਲਖਨਊ, ਗੋਰਖਪੁਰ, ਪ੍ਰਯਾਗਰਾਜ, ਵਾਰਾਣਸੀ ਅਤੇ ਕਾਨਪੁਰ 'ਚ ਸਖ਼ਤ ਪਾਬੰਦੀ ਲਗਾਉਣ ਦਾ ਆਦੇਸ਼ ਦਿਤਾ ਹੈ | ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ 5 ਵੱਡੇ ਸ਼ਹਿਰਾਂ 'ਚ 26 ਅਪ੍ਰੈਲ ਤਕ ਮਾਲ, ਸ਼ਾਪਿੰਗ ਕੰਪਲੈਕਸ ਅਤੇ ਰੈਸਟੋਰੈਂਟ ਬੰਦ ਕਰਨ ਸਮੇਤ ਸਖ਼ਤ ਪਾਬੰਦੀਆਂ ਲਾਗੂ ਕਰਨ ਦਾ ਨਿਰਦੇਸ਼ ਦਿਤਾ ਸੀ, ਹਾਲਾਂਕਿ ਅਦਾਲਤ ਨੇ ਕਿਹਾ ਕਿ ਇਹ 'ਪੂਰਨ ਤਾਲਾਬੰਦੀ' ਨਹੀਂ ਹੈ | ਹਾਈ ਕੋਰਟ ਨੇ ਲਾਗ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਦੇ ਲਿਹਾਜ ਨਾਲ ਯੋਜਨਾ ਤਿਆਰ ਨਹੀਂ ਕਰਨ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਸੀ ਅਤੇ ਰਾਜ ਚੋਣ ਕਮਿਸ਼ਨ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਸਮੇਂ 'ਚ ਪੰਚਾਇਤ ਚੋਣਾਂ ਕਰਵਾ ਰਹੇ ਉਹ ਚੋਣ ਅਧਿਕਾਰੀਆਂ ਨੂੰ ਖਤਰੇ 'ਚ ਪਾ ਰਹੇ ਹਨ | (ਏਜੰਸੀ)