
31ਵੇਂ ਦਿਨ ਕਿਸਾਨਾਂ ਦੀ ਹਮਾਇਤ ਵਿਚ ਔਰਤਾਂ ਤੇ ਬਜ਼ੁਰਗਾਂ ਨੇ ਵ੍ਹਾਈਟ ਹਾਊਸ ਸਾਹਮਣੇ ਸੰਭਾਲਿਆ ਮੋਰਚਾ
ਵਾਸ਼ਿੰਗਟਨ ਡੀ ਸੀ, 20 ਅਪ੍ਰੈਲ (ਸੁਰਿੰਦਰ ਗਿੱਲ): ਅਮਰੀਕਾ ਵਿਚ ਮੋਰਚਾ ਐਨ.ਆਰ. ਆਈ. ਕਿਸਾਨਾਂ ਦੇ ਬੈਨਰ ਹੇਠ ਪਿਛਲੇ 31 ਦਿਨਾਂ ਤੋਂ ਚਲ ਰਿਹਾ ਹੈ ਜਿਸ ਵਿਚ ਸਾਡੀ ਸਾਰੀਆਂ ਸੰਸਥਾਵਾਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਨੌਜਵਾਨ ਸਭਾਵਾਂ, ਬੀਬੀਆਂ ਅਤੇ ਅਮਰੀਕਾ ਵਿਚ ਬੈਠੀਆਂ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਭਾਰਤੀ ਸਟੇਟਾਂ ਦੇ ਅਮਰੀਕਾ ਵਿਚ ਬੈਠੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ ਵ੍ਹਾਈਟ ਹਾਊਸ ਸਾਹਮਣੇ ਕਿਸਾਨ ਹਮਾਇਤੀ ਮੋਰਚੇ ਵਿਚ ਹਿੱਸਾ ਲੈ ਕੇ ਕਿਸਾਨਾਂ ਦੀ ਆਵਾਜ਼ ਸੰਸਾਰ ਪੱਧਰ ’ਤੇ ਬੁਲੰਦ ਕਰਨ।
ਅੱਜ ਦੇ 31ਵੇਂ ਦਿਨ ਦੇ ਮੋਰਚੇ ਨੂੰ ਬੀਬਾ ਮਨਮੀਤ ਕੌਰ ਨੇ ਅਗਵਾਈ ਕਰ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਕ ਦਿਨ ਇਸ ਮੋਰਚੇ ਵਿਚ ਸ਼ਾਮਲ ਹੋ ਕੇ ਕਿਸਾਨਾਂ ਦੀ ਹਮਾਇਤ ਕਰਨ, ਤਾਂ ਜੋ ਕਿਸਾਨਾਂ ਵਿਰੁਧ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਫ਼ਸੋਸ ਹੈ ਕਿ ਭਾਰਤ ਦਾ ਗੋਦੀ ਮੀਡੀਆ ਅਮਰੀਕਾ ਸਥਿਤ ਅਜੇ ਤਕ ਇਕ ਦਿਨ ਵੀ ਇਸ ਮੋਰਚੇ ਦੀ ਖ਼ਬਰ ਲੈਣ ਨਹੀਂ ਆਇਆ। ਪਰ ਕੁਦਰਤ ਦੀ ਮਿਹਰ ਸਦਕਾ ਇਹ ਕਿਸਾਨ ਹਮਾਇਤੀ ਮੋਰਚਾ ਦਿਨ ਦੁਗਣੀ ਤਰੱਕੀ ਵਲ ਵੱਧ ਰਿਹਾ ਹੈ ਤੇ 31ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ।