
ਐਸਵਾਈਐਲ ਨਹਿਰ ਦੇ ਮੁੱਦੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਦੋਗ਼ਲੀ ਨੀਤੀ ਤੋਂ ਚਿੰਤਤ ਲੋਕ ਪੇ੍ਰਸ਼ਾਨ!
ਕੋਟਕਪੂਰਾ, 20 ਅਪੈ੍ਰਲ (ਗੁਰਿੰਦਰ ਸਿੰਘ) : ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਨਾਲ ਹੋਈ ਜਿਆਦਤੀ ਜਾਂ ਧੱਕੇਸ਼ਾਹੀ ਦੇ ਮੁੱਦੇ 'ਤੇ ਹਮੇਸ਼ਾਂ ਸਿਆਸੀ ਰੋਟੀਆਂ ਸੇਕੀਆਂ ਗਈਆਂ, ਦੋਗਲੀ ਨੀਤੀ ਵਾਲੇ ਬਿਆਨ ਪੜ੍ਹਨ-ਸੁਣਨ ਨੂੰ ਮਿਲੇ, ਭਾਵੇਂ ਇਹ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਜਾਰੀ ਸੀ ਪਰ ਹੁਣ ਆਮ ਆਦਮੀ ਪਾਰਟੀ ਨੂੰ ਵੀ ਉਸੇ ਰਾਹ ਤੁਰਦਿਆਂ ਵੇਖ ਕੇ ਆਮ ਲੋਕਾਂ ਵਿਚ ਇਹ ਵਿਚਾਰ ਪੈਦਾ ਹੋਣਾ ਸੁਭਾਵਿਕ ਹੈ ਕਿ ਆਖਰ ਪੰਜਾਬ ਦੇ ਵਸਨੀਕ ਵਿਸ਼ਵਾਸ ਕਿਸ 'ਤੇ ਕਰਨ? ਜੇਕਰ ਹੋਰ ਸਾਰੀਆਂ ਗੱਲਾਂ ਨੂੰ ਛੱਡ ਕੇ ਸਿਰਫ਼ ਪੰਜਾਬ ਦੇ ਪਾਣੀਆਂ ਦੀ ਹੀ ਗੱਲ ਕੀਤੀ ਜਾਵੇ ਤਾਂ 'ਰੋਜ਼ਾਨਾ ਸਪੋਕਸਮੈਨ' ਦੇ ਇਨ੍ਹਾਂ ਕਾਲਮਾਂ ਵਿਚ ਵਾਰ-ਵਾਰ ਦੁਹਰਾਇਆ ਜਾ ਚੁੱਕਾ ਹੈ ਕਿ ਪੰਜਾਬ ਕੋਲ ਪਾਣੀ ਸੀਮਤ ਰਹਿ ਗਿਆ ਹੈ, ਪਾਣੀ ਡੂੰਘੇ ਅਤੇ ਪ੍ਰਦੂਸ਼ਤ ਹੋ ਗਏ, ਜੇਕਰ ਮੀਂਹ ਦੇ ਪਾਣੀ ਸਮੇਤ ਹੋਰ ਕੁਦਰਤੀ ਸਰੋਤਾਂ ਰਾਹੀਂ ਮਿਲਦੇ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਮਹਿਜ਼ ਇਕ ਦਹਾਕੇ ਅਰਥਾਤ 10 ਸਾਲਾਂ ਬਾਅਦ ਹੀ ਪੰਜਾਬ ਬੰਜਰ ਬਣ ਜਾਵੇਗਾ, ਹਾਹਾਕਾਰ ਮਚ ਜਾਵੇਗੀ, ਅਗਲੀ ਜੰਗ ਪਾਣੀ ਦੇ ਨਾਮ 'ਤੇ ਹੋ ਸਕਦੀ ਹੈ |
ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵਲੋਂ ਐਸਵਾਈਐਲ ਨਹਿਰ ਦਾ ਪਾਣੀ ਹਰਿਆਣਾ ਵਿਚ ਲਿਆ ਕੇ ਪਿੰਡ-ਪਿੰਡ ਤਕ ਪਹੁੰਚਾਉਣ ਦੇ ਦਿਤੇ ਬਿਆਨ ਨਾਲ ਦੋਹਾਂ ਰਾਜਾਂ ਵਿਚ ਜਿਥੇ ਸਿਆਸੀ ਮੈਦਾਨ ਭਖ ਗਿਆ ਹੈ, ਉਕਤ ਬਿਆਨ ਨੇ ਤੂਫ਼ਾਨ ਖੜਾ ਕਰ ਦਿਤਾ ਹੈ, ਉਥੇ ਇਸ ਨਾਲ ਹਰਿਆਣੇ ਅਤੇ ਪੰਜਾਬ 'ਚ ਬਣੀ ਭਾਈਚਾਰਕ ਸਾਂਝ ਵਾਲੇ ਰਿਸ਼ਤਿਆਂ ਵਿਚ ਤਰੇੜਾਂ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਭਾਵੇਂ ਸ਼ੁਸ਼ੀਲ ਗੁਪਤਾ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈਕਮਾਂਡ ਸਮੇਤ ਆਮ ਵਰਕਰ ਤੱਕ ਨੇ ਹੈਰਾਨੀਜਨਕ ਚੁੱਪੀ ਸਾਧ ਲਈ ਹੈ, ਉਥੇ ਵਿਰੋਧੀ ਪਾਰਟੀਆਂ ਦੇ ਤੇਜ਼-ਤਰਾਰ ਹਮਲੇ ਅਤੇ ਸਖ਼ਤ ਬਿਆਨਬਾਜ਼ੀ ਦੀ ਪੜਚੋਲ ਕਰਨੀ ਵੀ ਜ਼ਰੂਰੀ ਹੋ ਗਈ ਹੈ | ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਸ਼ਾਮਲ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਨੇ ਵੀ ਸੁਸ਼ੀਲ ਗੁਪਤਾ ਦੇ ਬਿਆਨ ਦਾ ਸਖ਼ਤ ਵਿਰੋਧ ਕਰਦਿਆਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ ਪਰ ਉਨ੍ਹਾਂ ਦੇ ਹੀ ਕਾਂਗਰਸ ਪਾਰਟੀ ਦੇ ਹਰਿਆਣੇ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਐਸਵਾਈਐਲ ਨਹਿਰ ਰਾਹੀਂ ਹਰਿਆਣੇ ਨੂੰ ਪਾਣੀ ਦੇਣ ਦੇ ਮੁੱਦੇ 'ਤੇ ਸਹਿਮਤੀ ਪ੍ਰਗਟਾ ਚੁੱਕੇ ਹਨ, ਹੁਣ ਵੀ ਹਰਿਆਣੇ ਰਾਜ ਦੀ ਕਾਂਗਰਸ ਦੀ ਸਮੁੱਚੀ ਇਕਾਈ ਸੁਸ਼ੀਲ ਗੁਪਤਾ ਦੇ ਬਿਆਨ ਨਾਲ ਸਹਿਮਤ ਹੈ |
ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਦੇ ਬਿਆਨ ਵੀ ਬੜੇ ਸਖਤ ਹਨ | ਸੁਖਬੀਰ ਸਿੰਘ ਬਾਦਲ ਮੁਤਾਬਕ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦਾ ਪੰਜਾਬ ਦੇ ਪਾਣੀਆਂ ਬਾਰੇ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਤੇ ਡਾ. ਚੀਮਾ ਨੇ ਦਾਅਵਾ ਕੀਤਾ ਕਿ ਇਹ ਬਿਆਨ ਸੁਸ਼ੀਲ ਗੁਪਤਾ ਦਾ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਦਾ ਹੈ | ਜਦੋਂ ਪੰਜਾਬ ਵਿਚ ਲਗਾਤਾਰ 10 ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਰਹੀ, ਉਸ ਸਮੇਂ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਸਮੇਤ ਕੇਂਦਰ ਵਿਚ ਵੀ ਭਾਜਪਾ ਦੀਆਂ ਸਰਕਾਰਾਂ ਸਨ, ਭਾਜਪਾ ਆਗੂਆਂ ਵਲੋਂ ਅਕਸਰ ਐਸਵਾਈਐਲ ਨਹਿਰ ਬਣਾਉਣ ਦੀ ਵਕਾਲਤ ਕੀਤੀ ਜਾਂਦੀ ਸੀ ਪਰ ਅਕਾਲੀ ਦਲ ਦੇ ਕਿਸੇ ਵੀ ਛੋਟੇ ਵੱਡੇ ਆਗੂ ਨੇ ਕਦੇ ਵੀ ਭਾਜਪਾ ਆਗੂਆਂ ਮੂਹਰੇ ਕੁਸਕਣ ਦੀ ਜੁਰਅੱਤ ਨਾ ਕੀਤੀ ਤੇ ਹੁਣ ਵੀ ਅਕਾਲੀ ਦਲ ਬਾਦਲ ਦੀ ਹਰਿਆਣਾ ਇਕਾਈ ਇਸ ਮੁੱਦੇ 'ਤੇ ਪੂਰੀ ਤਰ੍ਹਾਂ ਚੁੱਪ ਹੈ | ਭਾਜਪਾ ਦੇ ਮੂਹਰਲੀ ਕਤਾਰ ਦੇ ਆਗੂਆਂ ਹਰਜੀਤ ਸਿੰਘ ਗਰੇਵਾਲ ਅਤੇ ਸੁਭਾਸ਼ ਸ਼ਰਮਾ ਨੇ ਵੀ ਸ਼ੁਸ਼ੀਲ ਗੁਪਤਾ ਵਲੋਂ ਐਸਵਾਈਐਲ ਨਹਿਰ ਦੇ ਮੁੱਦੇ 'ਤੇ ਹਰਿਆਣੇ ਨੂੰ ਦਿਤੀ ਗਈ ਗਰੰਟੀ ਦਾ ਵਿਰੋਧ ਕੀਤਾ ਹੈ ਪਰ ਦੂਜੇ ਪਾਸੇ ਹਰਿਆਣੇ ਦੀ ਭਾਜਪਾ ਸਰਕਾਰ ਨੇ ਐਸਵਾਈਐਲ ਦੇ ਮੁੱਦੇ 'ਤੇ ਸੁਪਰੀਮ ਕੋਰਟ ਜਾਣ ਦਾ ਐਲਾਨ ਕਰ ਦਿਤਾ ਹੈ |
ਜੇਕਰ ਐਸਵਾਈਐਲ ਦੇ ਮੁੱਦੇ 'ਤੇ 'ਆਪ' ਆਗੂ ਸ਼ੁਸ਼ੀਲ ਗੁਪਤਾ ਦੇ ਬਿਆਨ ਨਾਲ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਪੇ੍ਰਸ਼ਾਨੀ ਪੈਦਾ ਹੋ ਗਈ ਹੈ ਤੇ ਭਗਵੰਤ ਸਿੰਘ ਮਾਨ ਦਾ ਉਕਤ ਮੁੱਦੇ 'ਤੇ ਕਸੂਤਾ ਫਸ ਜਾਣਾ ਸੁਭਾਵਿਕ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਅਤੇ ਵਰਤਮਾਨ ਵਿਚ ਵੀ ਕਾਂਗਰਸ, ਭਾਜਪਾ, ਅਕਾਲੀ ਦਲ ਬਾਦਲ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਵਲੋਂ ਅਪਣਾਈ ਗਈ ਅਤੇ ਅਪਣਾਈ ਜਾ ਰਹੀ ਦੋਗਲੀ ਨੀਤੀ ਤੋਂ ਪੰਜਾਬ ਦੇ ਪਾਣੀਆਂ ਦੇ ਰਾਖੇ ਮੰਨੇ ਜਾਂਦੇ ਚਿੰਤਤ ਲੋਕ ਹੈਰਾਨ ਤੇ ਪ੍ਰੇਸ਼ਾਨ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਸਮੇਂ ਪਾਣੀਆਂ ਦੇ ਰਾਖੇ ਵਜੋਂ ਹਰ ਸਟੇਜ ਉਪਰ ਬੜਕਾਂ ਮਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੀ ਘੁਰਕੀ ਤੋਂ ਡਰਦਿਆਂ ਇਸ ਮੁੱਦੇ 'ਤੇ ਚੁੱਪ ਹਨ, ਕਿਉਂਕਿ ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ ਕੇਂਦਰ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਯਤਨ ਜਾਰੀ ਹਨ |