
ਪੰਜਾਬ ਕਾਂਗਰਸ FIR ਰੱਦ ਕਰਵਾਉਣ ਲਈ ਸਾਰੇ ਕਾਨੂੰਨੀ ਤਰੀਕੇ ਵਰਤੇਗੀ
ਚੰਡੀਗੜ੍ਹ - ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਖਿਲਾਫ਼ ਦਰਜ ਹੋਈ ਐੱਫਆਈਆਰ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਕਾਂਗਰਸੀ ਲੀਡਰ ਲਗਾਤਾਰ ਪੰਜਾਬ ਸਰਕਾਰ 'ਤੇ ਕੇਸ ਰੱਦ ਕਰਨ ਲਈ ਦਬਾਅ ਬਣਾ ਰਹੇ ਹਨ ਤੇ ਪੰਜਾਬ ਡੀਜੀਪੀ ਨੂੰ ਪੱਤਰ ਵੀ ਲਿਖੇ ਜਾ ਰਹੇ ਹਨ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਹੈ ਤੇ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ਼ 'ਤੇ ਦਰਜ ਕੀਤਾ ਕੇਸ ਰੱਦ ਕਰਨ ਲਈ ਕਿਹਾ ਹੈ।
ਉਹਨਾਂ ਨੇ ਇਸ ਬਾਬਤ ਟਵੀਟ ਵੀ ਕੀਤਾ ਹੈ ਤੇ ਲਿਖਿਆ ਹੈ ਕਿ ''ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਆਪਣੇ 'ਦਿੱਲੀ' ਆਕਾਵਾਂ ਨੂੰ ਖੁਸ਼ ਕਰਨ ਲਈ ਓਵਰਬੋਰਡ ਵਿਚ ਗਏ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਲੋੜ ਪੈਣ 'ਤੇ ਪੰਜਾਬ ਕਾਂਗਰਸ FIR ਰੱਦ ਕਰਵਾਉਣ ਲਈ ਸਾਰੇ ਕਾਨੂੰਨੀ ਤਰੀਕੇ ਵਰਤੇਗੀ ਤੇ ਸੜਕਾਂ 'ਤੇ ਆਵੇਗੀ।'' ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੱਲੋਂ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ
ਅਸੀਂ ਆਮ ਤੌਰ 'ਤੇ ਪੰਜਾਬ ਦੇ ਲੋਕਾਂ ਵੱਲੋਂ ਅਤੇ ਖ਼ਾਸ ਤੌਰ 'ਤੇ ਕਾਂਗਰਸ ਪਾਰਟੀ ਵੱਲੋਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਡੀਜੀਪੀ ਸੀਨੀਅਰ ਕਾਂਗਰਸੀ ਆਗੂ ਅਲਕਾ ਲਾਂਬਾ ਅਤੇ ਦੇਸ਼ ਦੇ ਪ੍ਰਸਿੱਧ ਕਵੀ ਡਾ ਕੁਮਾਰ ਵਿਸ਼ਵਾਸ ਵਿਰੁੱਧ ਕੀਤੀ ਐਫਆਈਆਰ ਨੂੰ ਤੁਰੰਤ ਰੱਦ ਕਰਨ ਦੇ ਆਦੇਸ਼ ਦੇਣ।
ਕਿਸੇ ਵਿਅਕਤੀ ਦੀ ਸ਼ਿਕਾਇਤ 'ਤੇ ਆਧਾਰਿਤ ਐਫਆਈਆਰ ਦਰਜ ਕਰਨਾ, ਜਿਸ ਦੀ ਪਛਾਣ ਅਜੇ ਤੱਕ ਕਿਸੇ ਨੂੰ ਨਹੀਂ ਪਤਾ, ਇਹ ਸਪੱਸ਼ਟ ਕਰਦਾ ਹੈ ਕਿ ਇਹ ਸਿਰਫ ਇਨ੍ਹਾਂ ਲੋਕਾਂ ਨਾਲ ਨਿੱਜੀ ਰੰਜ਼ਸ਼ ਕੱਢਣ ਲਈ ਦਰਜ ਕੀਤੀ ਗਈ ਹੈ ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਸਿਰਫ਼ ਸੱਤਾ ਅਤੇ ਅਧਿਕਾਰ ਦੀ ਦੁਰਵਰਤੋਂ ਹੈ। ਕਾਂਗਰਸ ਪਾਰਟੀ ਜਮਹੂਰੀ ਅਤੇ ਸੰਵਿਧਾਨਕ ਸਿਧਾਂਤਾਂ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਕਿਸੇ ਵੀ ਕੀਮਤ 'ਤੇ ਪੰਜਾਬ ਨੂੰ ਪੁਲਿਸ ਰਾਜ ਨਹੀਂ ਬਣਨ ਦੇਵੇਗੀ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵੇਗੀ। ਅਸੀਂ ਇਸ ਗੈਰਕਾਨੂੰਨੀ ਐਫਆਈਆਰ ਨੂੰ ਰੱਦ ਕਰਵਾਉਣ ਲਈ ਸਾਰੇ ਕਾਨੂੰਨੀ ਅਤੇ ਸੰਵਿਧਾਨਕ ਤਰੀਕੇ ਅਪਣਾਵਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਕਾਰਨ ਦੇਖ ਸਕੋਗੇ ਅਤੇ ਐਫਆਈਆਰ ਨੂੰ ਤੁਰੰਤ ਰੱਦ ਕਰਨ ਦੇ ਆਦੇਸ਼ ਦਿਓਗੇ।