
ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਚ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦੇ ਚਲਦਿਆਂ ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀ) ਵਿਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀਆਂ ਪਸਲੀਆਂ ਟੁੱਟ ਗਈਆਂ ਹਨ। ਮੋਤੀ ਨਗਰ ਪੁਲਿਸ ਨੇ ਰਿਸ਼ਿਤ ਮਦਾਨ ਵਾਸੀ ਸੈਕਟਰ 39, ਚੰਡੀਗੜ੍ਹ ਰੋਡ ਵਿਰੁਧ ਕੇਸ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ’ਚ ਸੂਬੇ ਦੇ 4 ਫ਼ੌਜੀ ਹੋਏ ਸ਼ਹੀਦ, ਸੋਗ 'ਚ ਡੁੱਬਿਆ ਪੂਰਾ ਪੰਜਾਬ
ਪੁਲਿਸ ਨੇ ਹੌਜ਼ਰੀ ਮਾਲਕ ਮੁਕੇਸ਼ ਕੁਮਾਰ ਗੋਇਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਗੋਇਲ ਨੇ ਦੱਸਿਆ ਕਿ ਜਦੋਂ ਉਸ ਦਾ ਸਾਢੇ 9 ਸਾਲਾ ਪੁੱਤਰ ਕੁਸ਼ ਗੋਇਲ ਗਲੀ ਵਿਚ ਖੇਡ ਰਿਹਾ ਸੀ ਤਾਂ ਮੁਲਜ਼ਮ ਮਹਿੰਦਰਾ ਥਾਰ ਲੈ ਕੇ ਆਇਆ। ਮੁਲਜ਼ਮ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਕੁਸ਼ ਗੋਇਲ ਨੂੰ ਟੱਕਰ ਮਾਰ ਦਿੱਤੀ। ਉਸ ਦੇ ਗੁਆਂਢੀ ਗੁਰਮਿੰਦਰ ਸਿੰਘ ਨੇ ਬੱਚੇ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਲੋਕ ਸਭਾ ਵਿੱਚ ਹੋਏ ਸਮਾਗਮ ਵਿਚ ਪੰਜਾਬ ਦੀ ਧੀ ਨੇ ਦਿੱਤਾ ਭਾਸ਼ਣ, ਸਪੀਕਰ ਬਿਰਲਾ ਨੇ ਕੀਤੀ ਤਾਰੀਫ਼
ਦੱਸਿਆ ਜਾ ਰਿਹਾ ਹੈ ਕਿ ਥਾਰ ਡਰਾਈਵਰ ਨਾਬਾਲਗ ਹੈ। ਬੱਚੇ ਦੀਆਂ ਪਸਲੀਆਂ ਟੁੱਟਣ ਦੇ ਨਾਲ-ਨਾਲ ਉਸ ਦੇ ਚਿਹਰੇ 'ਤੇ ਵੀ ਸੱਟ ਲੱਗੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨਾਬਾਲਗ ਵਿਰੁਧ ਕੋਈ ਕਾਰਵਾਈ ਨਹੀਂ ਕਰ ਰਹੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਪਰਿਵਾਰਕਮ ਮੈਂਬਰਾਂ ਨੇ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਿਸ ਨੇ ਮੁਲਜ਼ਮ ਦੇ ਵਿਰੁਧ ਆਈਪੀਸੀ ਦੀ ਧਾਰਾ 279, 337 ਅਤੇ 338 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।