
ਸ਼ੰਭੂ ਤੋਂ ਲੰਘੇ ਦਿਨ ਫੜੀ ਗਈ ਸ਼ਰਾਬ ਫੈਕਟਰੀ ਦਾ ਰੌਅਲਾ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਅੱਜੀ ਹਲਕਾ ਘਨੋਰ
ਪਟਿਆਲਾ, 20 ਮਈ (ਤੇਜਿੰਦਰ ਫ਼ਤਿਹਪੁਰ) : ਸ਼ੰਭੂ ਤੋਂ ਲੰਘੇ ਦਿਨ ਫੜੀ ਗਈ ਸ਼ਰਾਬ ਫੈਕਟਰੀ ਦਾ ਰੌਅਲਾ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਅੱਜੀ ਹਲਕਾ ਘਨੋਰ ਦੇ ਡੀ.ਐਸ.ਪੀ. ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਹਲਕਾ ਘਨੋਰ ਅਤੇ ਖੇੜੀ ਗੰਡਿਆ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਘਨੋਰ ਦੇ ਪਿੰਡ ਪੱਬਰੀ ਦੇ ਇਕ ਖੇਤ ਵਿਚ ਚਲਦੀ ਮਿੰਨੀ ਫ਼ੈਕਟਰੀ ਵਿਚੋਂ 4 ਹਜ਼ਾਰ ਲੀਟਰ 20 ਡਰੰਮ ਕੱਚੀ ਸ਼ਰਾਬ ਅਲਕੋਹਲ ਬ੍ਰਾਮਦ ਕੀਤੀ।
ਜਿਹੜੇ ਖੇਤ ਵਿਚਲੀ ਮਿੰਨੀ ਫ਼ੈਕਟਰੀ ਵਿਚੋਂ ਇਹ ਵੱਡੀ ਮਾਤਰਾ ਵਿਚ ਸ਼ਰਾਬ ਬ੍ਰਾਮਦ ਹੋਈ ਹੈ, ਉਹ ਜ਼ਮੀਨ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਪੱਬਰੀ ਦੀ ਹੈ। ਪੁਲਿਸ ਨੇ ਇਸ ਤੋਂ ਬਾਅਦ ਤੁਰਤ ਪਿੰਡ ਪੱਬਰੀ ਪਹੁੰਚ ਕੇ ਅਕਾਲੀ ਆਗੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦਰਸ਼ਨ ਸਿੰਘ ਵਿਰੁਧ ਥਾਣਾ ਖੇੜੀ ਗੰਡਿਆ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਡੀਐਸ.ਪੀ. ਮਨਪ੍ਰੀਤ ਸਿੰਘ ਨੂੰ ਜਦੋਂ ਗੁਪਤ ਸੂਚਨਾ ਮਿਲੀ ਤਾਂ ਉਨ੍ਹਾਂ ਘਨੋਰ ਅਤੇ ਸ਼ੰਭੂ ਪੁਲਸ ਦੀਆਂ ਤਿੰਨ ਟੀਮਾਂ ਬਣਾਈਆਂ ਅਤੇ ਇਕ ਟੀਮ ਨੂੰ ਲੈ ਕੇ ਦਰਸ਼ਨ ਸਿੰਘ ਪੱਬਰੀ ਦੀ ਜ਼ਮੀਨ 'ਤੇ ਬਣੇ ਸਟੋਰ ਵਲ ਰਵਾਨਾ ਹੋ ਗਏ ਅਤੇ ਬਾਕੀ ਦੋ ਟੀਮਾਂ ਨੇ ਪਿੰਡ ਪੱਬਰੀ ਦੀ ਘੇਰਾਬੰਦੀ ਕਰ ਲਈ।
ਮੌਕੇ 'ਤੇ ਪੁੱਜ ਕੇ ਜਦੋਂ ਪੁਲਿਸ ਨੇ ਇੰਨੀ ਵੱਡੀ ਮਾਤਰਾ ਵਿਚ ਅਲਕੋਹਲ ਦੇਖੀ ਤਾਂ ਸੱਭ ਦੇ ਹੋਸ਼ ਉਡ ਗਏ। ਇਸ ਦੀ ਸੂਚਨਾ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੂੰ ਦਿਤੀ ਗਈ, ਜਿਸ 'ਤੇ ਸਿੱਧੂ ਨੇ ਇਯ ਮਾਮਲੇ ਸਬੰਧੀ ਸਖ਼ਤੀ ਨਾਲ ਕੰਮ ਕਰਨ ਦੇ ਹੁਕਮ ਦਿਤੇ। ਦਰਸ਼ਨ ਸਿੰਘ ਹਲਕਾ ਘਨੋਰ ਅਤੇ ਰਾਜਪੁਰਾ ਵਿਚ ਅਕਾਲੀ ਦਲ ਦਾ ਸੀਨੀਅਰ ਆਗੂ ਹੈ ਅਤੇ 2013 ਤੋਂ 2018 ਤਕ ਅਕਾਲੀ ਦਲ ਵਲੋਂ ਰਾਜਪੁਰਾ ਬਲਾਕ ਸੰਮਤੀ ਦਾ ਮੈਂਬਰ ਵੀ ਰਿਹਾ ਹੈ।