
ਸੂਬੇ 'ਚ ਮੁੜ ਚਲਣ ਲਗੀਆਂ ਸਰਕਾਰੀ ਬਸਾਂ
ਚੰਡੀਗੜ੍ਹ (ਪ.ਪ.): ਕਰਫਿਊ ਖੁੱਲ੍ਹਣ ਦੇ ਨਾਲ ਹੀ ਅੱਜ ਪੰਜਾਬ 'ਚ ਬਸਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ। ਪੰਜਾਬ ਦੇ ਬੱਸ ਅੱਡਿਆਂ 'ਤੇ ਅੱਜ ਦੋ ਮਹੀਨਿਆਂ ਬਾਅਦ ਚਹਿਲ-ਪਹਿਲ ਦਿਖਾਈ ਦਿਤੀ ਹਾਲਾਂਕਿ ਬਸਾਂ ਚੱਲ ਪਈਆਂ ਪਰ ਸਵਾਰੀਆਂ ਦੀ ਕਾਫ਼ੀ ਘਾਟ ਰਹੀ ਕਿਉਂਕਿ ਪੰਜਾਬ ਸਰਕਾਰ ਵਲੋਂ ਹਦਾਇਤਾਂ ਨੇ ਕਿ ਬਸਾਂ ਸਿਰਫ਼ ਰੋਡਵੇਜ਼ ਦੀਆਂ ਬਸਾਂ ਹੀ ਚਲਣਗੀਆਂ ਤੇ ਉਹੀ ਚੱਲੀਆਂ ਤੇ ਸਵਾਰੀਆਂ ਵੀ ਘੱਟ ਹੀ ਦਿਖਾਈ ਦਿਤੀਆਂ। ਫ਼ਿਲਹਾਲ ਸਿਰਫ਼ ਰੋਡਵੇਜ਼ ਦੀਆਂ ਲਾਰੀਆਂ ਹੀ ਸਵਾਰੀਆਂ ਚੁੱਕਣਗੀਆਂ।
prtc
ਪਹਿਲੇ ਦਿਨ ਬੱਸ ਅੱਡਿਆਂ 'ਤੇ ਸੈਨੇਟਾਈਜ਼ਰ ਤੇ ਮਾਸਕ ਅਤੇ ਸਾਫ਼-ਸਫ਼ਾਈ ਦੇ ਖ਼ਾਸ ਪ੍ਰਬੰਧ ਦਿਖਾਈ ਦਿਤੇ ਪਰ ਬਸਾਂ ਚੱਲਣ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਦੂਰ ਦਰਾਡੇ ਕੰਮਾਂ ਕਾਰਾਂ 'ਤੇ ਜਾਂਦੇ ਹਨ ਜਾਂ ਫਿਰ ਜਿਨ੍ਹਾਂ ਦੇ ਜ਼ਰੂਰੀ ਕੰਮ ਬਸਾਂ ਦੇ ਰੁਕਣ ਕਰਕੇ ਰੁਕੇ ਹੋਏ ਸਨ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਕਲ ਪਟਿਆਲਾ, ਚੰਡੀਗੜ੍ਹ, ਸੰਗਰੂਰ, ਬੁਢਲਾਢਾ, ਬਠਿੰਡਾ, ਲੁਧਿਆਣਾ, ਫ਼ਰੀਦਕੋਟ, ਕਪੂਰਥਲਾ ਤੇ ਬਰਨਾਲਾ ਡਿਪੂ ਤੋਂ ਬੱਸ ਸੇਵਾ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ।
prtc bus
20 ਮਈ ਤੋਂ ਪੀਆਰਟੀਸੀ ਦੇ ਪੰਜਾਬ 'ਚ ਪੈਂਦੇ ਕਰੀਬ 9 ਡਿਪੂਆਂ ਦੀਆਂ 80 ਰੂਟਾਂ 'ਤੇ ਬਸਾਂ ਸ਼ੁਰੂ ਹੋ ਗਈਆਂ ਹਨ। ਪੀਆਰਟੀਸੀ ਵਲੋਂ ਬੱਸ ਸੇਵਾ ਸ਼ੁਰੂ ਕੀਤੇ ਜਾਣ ਸਬੰਧੀ ਪੰਜਾਬ ਦੇ 80 ਰੂਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚ ਪਟਿਆਲਾ ਡਿਪੂ ਦੇ 16, ਚੰਡੀਗੜ੍ਹ ਡਿਪੂ ਦੇ 6, ਸੰਗਰੂਰ ਡਿਪੂ ਦੇ 11, ਬਰਨਾਲਾ ਡਿਪੂ ਦੇ 7, ਬਠਿੰਡਾ ਡਿਪੂ ਦੇ 9, ਫ਼ਰੀਦਕੋਟ ਡਿਪੂ ਦੇ 6, ਬੁਢਲਾਡਾ ਦੇ 10, ਲੁਧਿਆਣਾ ਦੇ 9 ਤੇ ਕਪੂਰਥਲਾ ਡਿਪੂ ਦੇ 6 ਰੂਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਰੂਟਾਂ ਤੋਂ ਇਲਾਵਾ ਜੇਕਰ ਡਿਪੂ ਪੱਧਰ 'ਤੇ ਕੋਈ ਹੋਰ ਰੂਟ 'ਤੇ ਬੱਸ ਸੇਵਾ ਸ਼ੁਰੂ ਕਰਨ ਲਈ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਮਨਜੂਰੀ ਲੈਣੀ ਹੋਵੇਗੀ।
File Photo
ਪੀਆਰਟੀਸੀ ਵਲੋਂ ਸ਼ੁਰੂ ਕੀਤੀ ਜਾ ਰਹੀ ਬੱਸ ਸੇਵਾ ਲਈ ਕੋਵਿਡ-19 ਤੋਂ ਬਚਾਅ ਸਬੰਧੀ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ 'ਚ ਬੱਸ ਦੇ ਰੂਟ 'ਤੇ ਜਾਣ ਤੋਂ ਪਹਿਲਾਂ ਸਵਾਰੀਆਂ ਦੀਆਂ ਟਿਕਟਾਂ ਅਡਵਾਂਸ ਬੁਕਿੰਗ ਏਜੰਟ ਵਲੋਂ ਜਾਂ ਕੰਡਕਟਰ ਵਲੋਂ ਬੱਸ ਸਟੈਂਡ 'ਤੇ ਹੀ ਕੱਟੀਆਂ ਜਾਣਗੀਆਂ। ਮੁਫ਼ਤ ਜਾਂ ਰਿਆਇਤੀ ਦਰਾਂ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਇੰਦਰਾਜ ਵੀ ਮੌਕੇ 'ਤੇ ਬੱਸ ਅੱਡੇ ਵਿਚ ਹੀ ਹੋਵੇਗਾ। ਸਵਾਰੀਆਂ ਦੇ ਮਾਸਕ ਪਹਿਨਣਾ ਵੀ ਜ਼ਰੂਰੀ ਹੋਵੇਗਾ ਤੇ ਮਾਸਕ ਤੋਂ ਬਿਨਾਂ ਬੱਸ 'ਚ ਜਾਣ ਦੀ ਮਨਜ਼ੂਰੀ ਨਹੀਂ ਦਿਤੀ ਜਾਵੇਗੀ।
prtc buses
ਇਸ ਤੋਂ ਇਲਾਵਾ ਬੱਸ 'ਚ ਮੌਜੂਦ ਡਰਾਈਵਰ ਤੇ ਕੰਡਕਟਰ ਮਾਸਕ ਤੇ ਦਸਤਾਨੇ ਪਾਉਣੇ ਯਕੀਨੀ ਬਣਾਉਣਗੇ। ਡਰਾਈਵਰ ਕੈਬਿਨ ਤੇ ਸਵਾਰੀਆਂ ਵਿਚਕਾਰ ਸ਼ੀਸ਼ਾ ਜਾਂ ਪਲਾਸਟਿਕ ਸ਼ੀਟ ਨਾਲ ਆਰਜ਼ੀ ਢੰਗ ਨਾਲ ਵੱਖ ਕੀਤਾ ਜਾਵੇਗਾ। ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ, ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ, ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ, ਚੰਡੀਗੜ੍ਹ-ਅੰਬਾਲਾ ਅਤੇ ਚੰਡੀਗੜ੍ਹ-ਨੰਗਲ ਵਾਇਆ ਰੋਪੜ ਦੇ ਰੂਟਾਂ 'ਤੇ ਬੱਸ ਸਰਵਿਸ ਸ਼ੁਰੂ ਹੋਵੇਗੀ। ਲਿੰਕ ਸੜਕਾਂ 'ਤੇ ਹਾਲੇ ਬਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਵੇਗੀ। ਜੋ ਬਸਾਂ ਹੁਣ ਚੱਲਣੀਆਂ ਹਨ, ਉਹ ਵੀ ਰਸਤੇ ਵਿਚ ਨਹੀਂ ਰੁਕਣਗੀਆਂ।
File Photo
ਇਸੇ ਤਰ੍ਹਾਂ ਬਠਿੰਡਾ-ਮੋਗਾ-ਹੁਸ਼ਿਆਰਪੁਰ, ਲੁਧਿਆਣਾ-ਮਾਲੇਰਕੋਟਲਾ-ਪਾਤੜਾਂ, ਅਬੋਹਰ-ਮੋਗਾ-ਮੁਕਤਸਰ-ਜਲੰਧਰ, ਪਟਿਆਲਾ-ਮਾਨਸਾ-ਮਲੋਟ, ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ, ਜਲੰਧਰ-ਅੰਬਾਲਾ ਕੈਂਟ, ਬਠਿੰਡਾ-ਅੰਮ੍ਰਿਤਸਰ, ਜਲੰਧਰ-ਨੂਰਮਹਿਲ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ-ਟਾਂਡਾ, ਜਗਰਾਓਂ-ਰਾਏਕੋਟ, ਮੁਕਤਸਰ-ਬਠਿੰਡਾ, ਫਿਰੋਜ਼ਪੁਰ-ਮੁਕਤਸਰ, ਬੁਢਲਾਡਾ-ਰਤੀਆ, ਫਿਰੋਜ਼ਪੁਰ-ਫਾਜ਼ਿਲਕਾ, ਫਰੀਦਕੋਟ-ਲੁਧਿਆਣਾ-ਚੰਡੀਗੜ੍ਹ, ਬਰਨਾਲਾ-ਸਿਰਸਾ ਆਦਿ ਰੂਟਾਂ 'ਤੇ ਬੱਸ ਸਰਵਿਸ ਸ਼ੁਰੂ ਹੋ ਗਈ ਹੈ।
ਇਸ ਤੋਂ ਇਲਾਵਾ ਲੁਧਿਆਣਾ-ਜਲੰਧਰ-ਅੰਮ੍ਰਿਤਸਰ, ਗੋਇੰਦਵਾਲ ਸਾਹਿਬ-ਪੱਟੀ, ਹੁਸ਼ਿਆਰਪੁਰ-ਨੰਗਲ, ਅਬੋਹਰ-ਬਠਿੰਡਾ-ਸਰਦੂਲਗੜ੍ਹ, ਲੁਧਿਆਣਾ-ਸੁਲਤਾਨਪੁਰ ਅਤੇ ਫਗਵਾੜਾ-ਨਕੋਦਰ ਰੂਟ ਆਦਿ 'ਤੇ ਵੀ ਬੱਸ ਸਰਵਿਸ ਸ਼ੁਰੂ ਹੋ ਗਈ ਹੈ।