
ਹਾਦਸੇ 'ਚ ਗਾਂ ਵੀ ਮਰੀ
ਬਠਿੰਡਾ, 20 ਮਈ (ਸੁਖਜਿੰਦਰ ਮਾਨ): ਅੱਜ ਸਵੇਰੇ ਸਥਾਨਕ ਬਾਦਲ ਰੋਡ ਉਤੇ ਵਰਧਮਾਨ ਪੁਲਿਸ ਚੌਂਕੀ ਦੇ ਸਾਹਮਣੇ ਹੋਏ ਇਕ ਦਰਦਨਾਮ ਹਾਦਸੇ ਵਿਚ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਗਾਂ ਵੀ ਮੌਕੇ 'ਤੇ ਹੀ ਮਰ ਗਈ ਤੇ ਮ੍ਰਿਤਕ ਨੌਜਵਾਨ ਦੇ ਪੇਟ 'ਚ ਗਾਂ ਦਾ ਸਿੰਗ ਆਰਪਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੋਨਾ ਲਾਲ ਪੁੱਤਰ ਧਰਮ ਨਾਥ ਵਾਸੀ ਪ੍ਰਤਾਪ ਢਿੱਲੋਂ ਬਸਤੀ ਵਜੋਂ ਹੋਈ ਹੈ। ਸੂਚਨਾ ਮੁਤਾਬਕ ਮ੍ਰਿਤਕ ਘਟਨਾ ਸਮੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੱਬਵਾਲੀ ਰੋਡ 'ਤੇ ਸਥਿਤ ਇਕ ਟ੍ਰਾਂਸਫ਼ਾਰਮਰ ਫ਼ੈਕਟਰੀ ਵਿਚ ਡਿਊਟੀ 'ਤੇ ਜਾ ਰਿਹਾ ਸੀ। ਘਟਨਾ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੋਂਪ ਦਿਤੀ ਹੈ। ਉਧਰ ਇਕ ਹੋਰ ਹਾਦਸੇ ਵਿਚ ਗੋਨਿਆਣਾ ਰੋਡ 'ਤੇ ਬਣੇ ਭਾਈ ਘਨੱਈਆਂ ਚੌਂਕ ਨਾਲ ਟਕਰਾਉਣ ਕਾਰਨ ਇਕ ਕਾਰ ਚਾਲਕ ਦੀ ਜ਼ਖ਼ਮੀ ਹੋਣ ਦੀ ਖ਼ਬਰ ਹੈ।