
ਬਠਿੰਡਾ ਵਿਚ ਰੋਜ਼ਾਨਾ ਹੋ ਰਿਹੈ 20 ਲਾਸ਼ਾਂ ਦਾ ਸਸਕਾਰ
ਖ਼ਾਸ ਰੀਪੋਰਟ ਜ਼ਰੀਏ ਜਾਣੋ ਮਹਾਂਮਾਰੀ ਦੌਰਾਨ ਕੀ ਨੇ ਬਠਿੰਡਾ ਦੇ ਹਾਲਾਤ
ਬਠਿੰਡਾ, 20 ਮਈ (ਚਰਨਜੀਤ ਸਿੰਘ ਸੁਰਖ਼ਾਬ): ਝੀਲਾਂ ਦਾ ਸ਼ਹਿਰ ਬਠਿੰਡਾ, ਪੰਜਾਬ ਦੀ ਖ਼ੂਬਸੂਰਤੀ ਅਤੇ ਆਰਥਕਤਾ ਨੂੰ ਵਧਾਉਣ ਵਿਚ ਹਮੇਸ਼ਾ ਹੀ ਮੋਹਰੀ ਸ਼ਹਿਰਾਂ ਦੀ ਕਤਾਰ ਵਿਚ ਰਿਹਾ ਹੈ ਤੇ ਬਠਿੰਡਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਗ੍ਰਾਫ਼ ਅਕਸਰ ਉਪਰ ਥੱਲੇ ਹੁੰਦਾ ਦਿਖਾਈ ਦਿੰਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਦੇ ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਜ਼ਿਲ੍ਹੇ ਦੇ ਹਾਲਾਤ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖ਼ਾਸ ਕਵਰੇਜ ਕੀਤੀ।
ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ 175 ਬੈੱਡਾਂ ਦਾ ਪ੍ਰਬੰਧ: 3 ਲੱਖ 77 ਹਜ਼ਾਰ ਦੀ ਅਬਾਦੀ ਵਾਲਾ ਸ਼ਹਿਰ ਬਠਿੰਡਾ ਮਾਲਵੇ ਅੰਦਰ ਹਸਪਤਾਲਾਂ ਦਾ ਹੱਬ ਬਣਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਬਠਿੰਡਾ ਦੇ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਮੁਤਾਬਕ ਸਰਕਾਰੀ ਹਸਪਤਾਲ ਵਿਚ 175 ਬੈੱਡਾਂ ਦਾ ਪ੍ਰਬੰਧ ਹੈ ਅਤੇ ਹਸਪਤਾਲ ਵਿਚ ਕੁਲ 160 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ।
ਸ਼ਹਿਰ ਵਿਚ ਵੈਕਸੀਨ ਦੀ ਕਮੀ: ਨਾਲ ਹੀ ਉਨ੍ਹਾਂ ਦਸਿਆ ਕਿ ਹੁਣ ਤਕ 1 ਲੱਖ 32 ਹਜ਼ਾਰ ਟੀਕੇ ਲੱਗ ਚੁੱਕੇ ਹਨ। ਤੇਜਵੰਤ ਸਿੰਘ ਢਿੱਲੋਂ ਨੇ ਦਸਿਆ ਕਿ ਟੀਕਾਕਰਨ ਲਈ ਖ਼ੁਰਾਕਾਂ ਵਿਚ ਕਮੀ ਜ਼ਰੂਰ ਆ ਰਹੀ ਹੈ। 1 ਮਈ ਤੋਂ ਸ਼ੁਰੂ ਹੋਏ ਨਵੇਂ ਪ੍ਰੋਗਰਾਮ ਦੌਰਾਨ ਪਿੰਡਾਂ ਵਿਚ ਵਾਧੂ ਪਈ ਦਵਾਈ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ।
ਇਸ ਨਾਲ ਹੀ ਉਨ੍ਹਾਂ ਦਸਿਆ ਕਿ ਸਿਹਤ ਕਰਮਚਾਰੀ ਬਠਿੰਡਾ ਵਾਸੀਆਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕਰ ਰਹੇ ਹਨ ਅਤੇ ਹਰ ਸਾਵਧਾਨੀ ਵਰਤਣ ਲਈ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ।
ਹੋਰ ਸੂਬਿਆਂ ਦੇ ਮਰੀਜ਼ ਵੀ ਕਰਵਾ ਰਹੇ ਹਨ ਇਲਾਜ: ਸ਼ਹਿਰ ਵਿਚ ਸਰਕਾਰੀ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਠਿੰਡਾ ਵਿਚ ਹੋਰ ਸੂਬਿਆਂ ਤੋਂ ਮਰੀਜ਼ ਵੀ ਅਪਣਾ ਇਲਾਜ ਕਰਵਾ ਰਹੇ ਹਨ। ਇਨ੍ਹਾਂ ਮਰੀਜ਼ਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਰਕਾਰੀ ਇਲਾਜ ਠੀਕ ਹੈ ਪਰ ਵੈਂਟੀਲੇਟਰ ਨੂੰ ਲੈ ਕੇ ਸਮੱਸਿਆ ਆ ਰਹੀ ਹੈ।
ਸਿਰਸਾ ਤੋਂ ਆਏ ਇਕ ਮਰੀਜ਼ ਦਾ ਕਹਿਣਾ ਸੀ ਉਨ੍ਹਾਂ ਨੂੰ ਸਿਰਸਾ ਵਿਚ ਆਕਸੀਜਨ ਦੀ ਮੁਸ਼ਕਲ ਆ ਰਹੀ ਸੀ ਪਰ ਬਠਿੰਡਾ ਸਿਵਲ ਹਸਪਤਾਲ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਈ ਤੇ ਇਥੇ ਇਲਾਜ ਬਿਲਕੁਲ ਸਹੀ ਹੋ ਰਿਹਾ ਹੈ।