
ਇਕ ਮਰੀਜ਼ ਦਾ ਸੈਂਪਲ ਲੈ ਕੇ ਲੈਬ ਭੇਜ ਦਿੱਤਾ ਹੈ ਅਤੇ ਉਹ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ
ਗੁਰਦਾਸਪੁਰ - ਪੰਜਾਬ ’ਚ ਜਿੱਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਉਥੇ ਹੀ ਬਲੈਕ ਫ਼ੰਗਸ ਨੇ ਵੀ ਲੋਕਾਂ ਨੂੰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਬਲੈਕ ਫ਼ੰਗਲ ਨੇ ਹੁਣ ਗੁਰਦਾਸਪੁਰ ਜ਼ਿਲ੍ਹੇ ’ਚ ਵੀ ਦਸਤਕ ਦੇ ਦਿੱਤੀ ਹੈ। ਗੁਰਦਾਸਪੁਰ ਤੋਂ 2 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਸਿਵਲ ਸਰਜਨ ਡਾ.ਹਰਭਜਨ ਸਿੰਘ ਨੇ ਦੱਸਿਆ ਕਿ ਬਲੈਕ ਫ਼ੰਗਸ ਦੇ ਸ਼ੱਕੀ ਮਰੀਜ਼ ਗੁਰਦਾਸਪੁਰ ਦੇ ਪਿੰਡਾਂ ’ਚੋਂ ਸਾਹਮਣੇ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਮਰੀਜ਼ ਦਾ ਸੈਂਪਲ ਲੈ ਕੇ ਲੈਬ ਭੇਜ ਦਿੱਤਾ ਹੈ ਅਤੇ ਉਹ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਉਸ ਮਰੀਜ਼ ਦੇ ਸੰਪਰਕ ਵਿੱਚ ਹਾਂ। ਦੂਜੇ ਮਰੀਜ਼ ਨੂੰ ਕੋਰੋਨਾ ਅਤੇ ਬਲੈਕ ਫ਼ੰਗਸ ਦੇ ਲੱਛਣ ਹਨ ਪਰ ਉਸ ਦੇ ਪਰਿਵਾਰ ਨੇ ਉਸ ਨੂੰ ਘਰ ’ਚ ਹੀ ਰੱਖਿਆ ਹੈ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਮਰੀਜ਼ ਦੇ ਪਰਿਵਾਰ ਨੇ ਉਸ ਨੂੰ ਸਾਡੇ ਕੋਲ ਨਹੀਂ ਲਿਆਂਦਾ।
ਉਨ੍ਹਾਂ ਨੇ ਦੱਸਿਆ ਕਿ ਬਲੈਕ ਫ਼ੰਗਸ ਬਹੁਤ ਘਾਤਕ ਬੀਮਾਰੀ ਹੈ। ਇਹ ਬੀਮਾਰੀ ਉਨ੍ਹਾਂ ਨੂੰ ਹੁੰਦੀ ਹੈ, ਜਿਨ੍ਹਾਂ ਦੀ ਅੰਦਰੂਨੀ ਤਾਕਤ ਬਹੁਤ ਥੋੜੀ ਹੁੰਦੀ ਹੈ। ਜਿਨ੍ਹਾਂ ਨੂੰ ਕੋਈ ਬੀਮਾਰੀ ਹੈ, ਜਿਵੇਂ ਸ਼ੂਗਰ, ਕਿਡਨੀ, ਦਿਲ ਦੇ ਰੋਗ ਜਾਂ ਫਿਰ ਹੋਰ ਗੰਭੀਰ ਰੋਗ ਉਨ੍ਹਾਂ ਨੂੰ ਬਲੈਕ ਫ਼ੰਗਸ ਜਲਦੀ ਅਸਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਮ ਦੇ ਸਮੇਂ ਘਰੋਂ ਨਿਕਲਣ ’ਤੇ ਚੱਪਲ ਪਾ ਕੇ ਮਿੱਟੀ ਵਿੱਚ ਨਹੀਂ ਜਾਣਾ ਚਾਹੀਦਾ, ਸਗੋਂ ਪੂਰੇ ਕੱਪੜੇ ਤੇ ਬੂਟ ਪਾ ਕੇ ਬਾਹਰ ਜਾਣਾ ਚਾਹੀਦਾ ਹੈ।