ਡਰੋਨ ਨਾਲ ਪੀਲੇ ਰੰਗ ਦਾ ਇੱਕ ਵੱਡਾ ਪੈਕਟ ਬੰਨ੍ਹਿਆ ਹੋਇਆ ਸੀ
ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਦੂਜੇ ਦਿਨ ਵੀ ਬੀਐਸਐਫ ਨੇ ਪਾਕਿ ਤਸਕਰਾਂ ਵਲੋਂ ਭਾਰਤੀ ਸਰਹੱਦ ਵੱਲ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਡਰੋਨ ਨੂੰ ਢੇਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦੋ ਦਿਨਾਂ ਵਿਚ ਇਹ ਚੌਥਾ ਡਰੋਨ ਸੁਟਿਆ ਗਿਆ ਹੈ। ਇਸ ਦੇ ਨਾਲ ਹੀ 4 'ਚੋਂ ਤਿੰਨ ਡਰੋਨ ਇੱਕੋ ਕਿਸਮ ਦੇ ਹਨ, ਜਦਕਿ ਇਕ ਡਰੋਨ ਪਾਕਿਸਤਾਨੀ ਸਰਹੱਦ 'ਚ ਡਿੱਗਿਆ।
ਅੰਮ੍ਰਿਤਸਰ ਦੇ ਅਟਾਰੀ ਸਰਹੱਦ ਨੇੜੇ ਪੁਲ ਮੌਰਾਂ ਬੀਓਪੀ ਨੇੜੇ ਡਰੋਨ ਨੂੰ ਡੇਗ ਦਿਤਾ ਗਿਆ। ਘਟਨਾ ਰਾਤ ਕਰੀਬ 9 ਵਜੇ ਵਾਪਰੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ’ਤੇ ਸਨ। ਫਿਰ ਰਾਤ 9 ਵਜੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਹਰਕਤ ਮਹਿਸੂਸ ਕੀਤੀ ਗਈ।
ਆਵਾਜ਼ ਸੁਣ ਕੇ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਕੁਝ ਹੀ ਦੇਰ ਵਿਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੇ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀ ਆਵਾਜ਼ ਮਿਲੀ, ਪਰ ਵਾਪਸ ਜਾਣ ਦੀ ਆਵਾਜ਼ ਮਹਿਸੂਸ ਨਹੀਂ ਹੋਈ। ਜਿਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ।
ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੁਲ-ਮੌਰਾਂ ਦੇ ਖੇਤਾਂ 'ਚੋਂ ਡਰੋਨ ਨੂੰ ਬਰਾਮਦ ਕੀਤਾ ਗਿਆ। ਡਰੋਨ ਨਾਲ ਪੀਲੇ ਰੰਗ ਦਾ ਇੱਕ ਵੱਡਾ ਪੈਕਟ ਬੰਨ੍ਹਿਆ ਹੋਇਆ ਸੀ। ਫਿਲਹਾਲ ਸੁਰੱਖਿਆ ਕਾਰਨਾਂ ਕਰ ਕੇ ਇਸ ਨੂੰ ਖੋਲ੍ਹਿਆ ਨਹੀਂ ਗਿਆ ਹੈ।
ਬੀਤੇ ਦਿਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸੈਕਟਰ ਵਿਚ ਹੀ ਬੀਐਸਐਫ ਨੇ ਇੱਕੋ ਰਾਤ ਵਿਚ ਤਿੰਨ ਡਰੋਨਾਂ ਨੂੰ ਸੁੱਟਣ ਵਿਚ ਸਫਲਤਾ ਹਾਸਲ ਕੀਤੀ। ਜਿਸ ਵਿਚੋਂ ਇੱਕ ਡਰੋਨ ਧਾਰੀਵਾਲ ਵਿਚ, ਦੂਜਾ ਰਤਨ ਖੁਰਦ ਵਿਚ ਸੁੱਟਿਆ ਗਿਆ। ਜਦਕਿ ਤੀਜਾ ਡਰੋਨ ਪਾਕਿਸਤਾਨੀ ਸਰਹੱਦ 'ਚ ਡਿੱਗਿਆ।
ਪਿਛਲੇ ਦੋ ਦਿਨਾਂ ਵਿਚ ਸੁੱਟੇ ਗਏ ਡਰੋਨ ਇੱਕੋ ਕਿਸਮ ਦੇ ਸਨ, ਕਵਾਡਕੋਪਟਰ DJI ਮੈਟ੍ਰਿਕਸ 300 RTK। ਜੋ ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਛੋਟੀਆਂ ਅਤੇ ਘੱਟ ਵਜ਼ਨ ਦੀਆਂ ਖੇਪਾਂ ਲੈਣ ਲਈ ਕਰਦੇ ਹਨ। ਇਹ ਖੇਪ 3 ਤੋਂ 5 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਹਨ।