ਫੋਨ 'ਚੋਂ ਮਿਲੀ ਗੈਂਗਸਟਰ ਲਾਰੈਂਸ ਦੀ ਵੀਡੀਓ
ਮੁਹਾਲੀ: ਮੁਹਾਲੀ ਪੁਲਿਸ ਨੇ ਜ਼ੀਰਕਪੁਰ ਤੋਂ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 5 ਪਿਸਤੌਲ ਅਤੇ 14 ਕਾਰਤੂਸ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਉਹਨਾਂ ਦੇ ਮੋਬਾਈਲ ਤੋਂ ਗੈਂਗਸਟਰ ਲਾਰੈਂਸ ਦੀ ਵੀਡਿਓ ਅਤੇ ਕਾਰ ਵਿਚੋਂ ਕੁਝ ਹੋਰ ਤਸਵੀਰਾਂ ਮਿਲੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇ ਕਬਜ਼ੇ 'ਚੋਂ ਇਕ ਪੰਜਾਬ ਨੰਬਰ ਸਫਾਰੀ ਗੱਡੀ ਅਤੇ ਚੰਡੀਗੜ੍ਹ ਨੰਬਰ ਦੀ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ:ਹਰਿਆਣਾ 'ਚ ਗੈਸ ਚੜ੍ਹਨ ਕਾਰਨ 3 ਦੀ ਮੌਤ, ਖੂਹ 'ਚ ਮੋਟਰ ਫਿੱਟ ਕਰਨ ਲਈ ਉਤਰੇ ਸਨ ਹੇਠਾਂ
ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ (31) ਵਾਸੀ ਫ਼ਿਰੋਜ਼ਪੁਰ, ਲਵਪ੍ਰੀਤ ਸਿੰਘ (28) ਵਾਸੀ ਗੁਰਦਾਸਪੁਰ ਅਤੇ ਪੁਲਕਿਤ ਮਹਿਤਾ (27) ਵਾਸੀ ਹਰਿਆਣਾ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਮੁਹਾਲੀ ਦੇ ਸੋਹਾਣਾ ਥਾਣੇ ਵਿਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਨੇ ਦਸਿਆ ਕਿ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਹੁਣ ਅੰਮ੍ਰਿਤਸਰ 'ਚ ਗੈਸ ਹੋਈ ਲੀਕ, ਡਰੇ ਲੋਕ, ਪ੍ਰਸ਼ਾਸਨ ਨੇ ਖਾਲੀ ਕਰਵਾਇਆ ਇਲਾਕਾ
ਮੁਲਜ਼ਮਾਂ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਜ਼ੀਰਕਪੁਰ ਤੋਂ ਏਅਰਪੋਰਟ ਰੋਡ ਪੈਟਰੋਲ ਪੰਪ ਨੇੜੇ ਪੁੱਜੇ। ਪੁਲਿਸ ਨੇ ਪਹਿਲਾਂ ਹੀ ਉਥੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਮੁਲਜ਼ਮਾਂ ਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਜ਼ਿਆਦਾਤਰ ਵੀਡੀਓਜ਼ ਗੈਂਗਸਟਰ ਲਾਰੈਂਸ ਦੀਆਂ ਮਿਲੀਆਂ। ਕਾਰ 'ਚੋਂ ਕਈ ਹੋਰ ਤਸਵੀਰਾਂ ਵੀ ਮਿਲੀਆਂ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਮੁਲਜ਼ਮ ਗੈਂਗਸਟਰ ਲਾਰੈਂਸ ਨੂੰ ਫੋਲੋ ਕਰ ਰਹੇ ਸਨ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਰਾਜਵਿੰਦਰ ਸਿੰਘ ਖ਼ਿਲਾਫ਼ ਸਾਲ 2018 ਵਿਚ ਦਰਜ ਇਕ ਕਤਲ ਦਾ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ। ਇਹ ਮਾਮਲਾ ਹਰਿਆਣਾ ਦੇ ਗੁੜਗਾਓਂ 'ਚ ਦਰਜ ਹੋਇਆ ਸੀ। ਰਾਜਵਿੰਦਰ ਸਿੰਘ ਫਿਲਹਾਲ ਇਸ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਹੈ। ਇਸ ਤੋਂ ਇਲਾਵਾ ਰਾਜਵਿੰਦਰ ਖਿਲਾਫ ਰਾਜਸਥਾਨ ਦੇ ਗੰਗਾਨਗਰ 'ਚ ਵੀ ਅਸਲਾ ਐਕਟ ਦਾ ਮਾਮਲਾ ਦਰਜ ਹੈ। ਮੁਲਜ਼ਮ ਲਵਪ੍ਰੀਤ ਸਿੰਘ ਨੂੰ ਗੁਰਦਾਸਪੁਰ ਵਿੱਚ ਦਰਜ ਇਕ ਕੇਸ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ।