
ਸ਼ਰਾਰਤੀ ਅਨਸਰਾਂ ਨੇ ਲੋਕਾਂ ਦੀ ਵੀ ਕੁੱਟਮਾਰ ਕੀਤੀ
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਕੋਲ ਚਰਚ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਤੇ ਚਰਚ ਦੇ ਬਾਹਰ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਇਸਾਈ ਭਾਈਚਾਰੇ ਵਲੋਂ ਮੇਨ ਰੋਡ ਜਾਮ ਕਰ ਧਰਨਾ ਲਗਾਇਆ ਗਿਆ।
ਸ਼ਰਾਰਤੀ ਅਨਸਰਾਂ ਵਲੋਂ ਨਿਹੰਗ ਸਿੰਘਾਂ ਦੇ ਬਾਣੇ ਦਾ ਇਸਤੇਮਾਲ ਕੀਤਾ ਗਿਆ। ਚਰਚ ਦੇ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂ ਜੋਨ ਕੋਟਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।
ਐਤਵਾਰ ਸਵੇਰੇ 15 ਦੇ ਕਰੀਬ ਨੌਜਵਾਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਆਏ। ਉਨ੍ਹਾਂ ਸਾਡੇ ਇਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਸਾਡੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਈਸਾਈ ਭਾਈਚਾਰੇ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਧਾਰਾ 295ਏ ਅਤੇ ਉਸ ਦੇ ਅੰਗ ਪਾੜਨ ਲਈ ਧਾਰਾ 307 ਲਗਾਈ ਜਾਂਦੀ ਹੈ, ਉਸੇ ਤਰ੍ਹਾਂ ਇਸ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਵੀ ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਘਟਨਾ ਤੋਂ ਬਾਅਦ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਈਸਾਈ ਭਾਈਚਾਰੇ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਦੀ ਸਹੀ ਜਾਂਚ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਈਸਾਈ ਭਾਈਚਾਰੇ ਦਾ ਗੁੱਸਾ ਸ਼ਾਂਤ ਹੋ ਗਿਆ
ਰਵਨੀਤ ਸਿੰਘ ਬਿੱਟੂ ਨੇ ਘਟਨਾ ਦੀ ਕੀਤੀ ਨਿੰਦਾ
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਇਕ ਚਰਚ ਦੇ ਬਾਹਰ ਹੋਈ ਹਿੰਸਾ ਦੀ ਸਖ਼ਤ ਨਿੰਦਾ ਕਰਦਾ ਹਾਂ। ਹਰ ਨਾਗਰਿਕ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ। ਇਸ ਵਹਿਸ਼ੀ ਕਾਰੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਵੀ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਬੇਨਤੀ ਕਰਦਾ ਹਾਂ।