
ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਨਸ਼ਾ ਲਿਆ ਕੇ ਸਪਲਾਈ ਕਰਦੇ ਸਨ ਮੁਲਜ਼ਮ
Abohar News : ਅਬੋਹਰ ਦੇ ਥਾਣਾ ਬਹਾਵਵਾਲਾ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਹੋਈ ਹੈ। ਮੁਲਜ਼ਮ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਨਸ਼ਾ ਲਿਆ ਕੇ ਸਪਲਾਈ ਕਰਦੇ ਸਨ। ਪੁਲੀਸ ਨੇ ਆਰੋਪੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।
ਥਾਣਾ ਬਹਾਵਵਾਲਾ ਦੇ ਸਹਾਇਕ ਐੱਸਐੱਚਓ ਸੁਖਪਾਲ ਸਿੰਘ ਬੀਤੀ ਸ਼ਾਮ ਬਹਾਵਵਾਲਾ ਤੋਂ ਖੰਟਾ ਰੋਡ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ।
ਫੜੇ ਗਏ ਨੌਜਵਾਨਾਂ ਦੀ ਪਛਾਣ ਸਵਾਈ ਸਿੰਘ ਵਾਸੀ ਲੁੰਕਰਨਸਰ, ਬੀਕਾਨੇਰ ਰਾਜਸਥਾਨ ਅਤੇ ਰਾਧੇ ਸ਼ਿਆਮ ਵਾਸੀ ਕਰਨਪੁਰ ਰਾਜਸਥਾਨ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ ਦੀ ਧਾਰਾ 18 ਤਹਿਤ 50 ਦਾ ਕੇਸ ਦਰਜ ਕਰ ਲਿਆ ਹੈ।
ਮੁਖਬਰ ਦੀ ਸੂਚਨਾ 'ਤੇ ਕਾਰਵਾਈ
ਇਕ ਹੋਰ ਮਾਮਲੇ 'ਚ ਥਾਣਾ ਬਹਾਵਵਾਲਾ ਦੇ ਸਹਾਇਕ ਐੱਸਐੱਚਓ ਲਖਵਿੰਦਰ ਸਿੰਘ ਬੀਤੀ ਸ਼ਾਮ ਰਾਮਪੁਰਾ ਨਰਾਇਣਪੁਰਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਰਾਧੇਸ਼ਿਆਮ ਪੁੱਤਰ ਕਜੋੜਮਲ ਵਾਸੀ ਪਿੰਡ ਪਿਪਰਵਾਹ, ਤਹਿਸੀਲ ਸਗੋਲੀ, ਮੱਧ ਪ੍ਰਦੇਸ਼ ਜੋ ਕਿ ਅਫੀਮ ਵੇਚਣ ਦਾ ਕੰਮ ਕਰਦਾ ਹੈ।
ਅੱਜ ਵੀ ਉਹ ਰਾਜਸਥਾਨ ਤੋਂ ਪਿੰਡ ਕੁਲਾਰ ਦੇ ਕੱਚੇ ਰਸਤੇ ਅਫੀਮ ਲੈ ਕੇ ਪੈਦਲ ਆ ਰਿਹਾ ਹੈ। ਪੁਲੀਸ ਨੇ ਜਦੋਂ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਅਤੇ ਉਸਦੇ ਖਿਲਾਫ ਐਨਡੀਪੀਐਸ ਦੀ ਧਾਰਾ 18 ਦੇ ਤਹਿਤ 51 ਦਾ ਮਾਮਲਾ ਦਰਜ ਕਰ ਲਿਆ।