
ਨੇੜਲੇ ਪਿੰਡ ਮੱਲੀਆ ਨੰਗਲ ਦੇ ਨੌਜਵਾਨ 'ਤੇ ਪਿੰਡ ਦਾਰਾਪੁਰ ਨੇੜੇ ਪੈਂਦੇ ਖੇੜਾਹਾਰ ਵਿਖੇ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ .......
ਗੜ੍ਹਦੀਵਾਲਾ : ਨੇੜਲੇ ਪਿੰਡ ਮੱਲੀਆ ਨੰਗਲ ਦੇ ਨੌਜਵਾਨ 'ਤੇ ਪਿੰਡ ਦਾਰਾਪੁਰ ਨੇੜੇ ਪੈਂਦੇ ਖੇੜਾਹਾਰ ਵਿਖੇ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਕੁਮਾਰ ਪੁੱਤਰ ਰਾਜ ਕੁਮਾਰ ਤੇ ਮਿੰਟੂ ਬੁੱਟਰ ਵਾਸੀ ਗੜ੍ਹਦੀਵਾਲਾ ਮੋਟਰ-ਸਾਈਕਲ 'ਤੇ ਸਵਾਰ ਹੋ ਕੇ ਪਿੰਡ ਸਰਾਈ ਵਲੋਂ ਕੱਚੇ ਰਸਤੇ ਰਾਹੀਂ ਪਿੰਡ ਦਾਰਾਪੁਰ ਵਲੋਂ ਅਪਣੇ ਕਿਸੇ ਨਿਜੀ ਕੰਮ ਤੋਂ ਪਰਤ ਰਹੇ ਸੀ।
ਜਦੋਂ ਉਕਤ ਦੋਵੇ ਨੌਜਵਾਨ ਪਿੰਡ ਦਾਰਾਪੁਰ ਨੇੜੇ ਪੈਂਦੇ ਖੇਤਾਂ ਕੋਲ ਪੁੱਜੇ ਤਾਂ ਪਿੱਛੋਂ ਮੋਟਰ ਸਾਈਕਲ 'ਤੇ ਸਵਾਰ ਆਏ ਦੋ ਨੌਜਵਾਨ ਜਿਨ੍ਹਾਂ ਨੇ ਸਿਰ 'ਤੇ ਹੈਲਮਟ ਪਾਏ ਹੋਏ ਸਨ, ਨੇ ਉਕਤ ਮਨਜੀਤ ਕੁਮਾਰ ਦੇ ਇਕ ਗੋਲੀ ਖੱਬੇ ਗੋਡੇ ਦੇ ਪਿੱਛੇ ਤੇ ਦੋ ਚੂਲੇ 'ਤੇ ਮਾਰੀਆਂ। ਮਨਜੀਤ ਕੁਮਾਰ ਤੇ ਮੋਟਰ-ਸਾਈਕਲ ਚਾਲਕ ਮਿੰਟੂ ਦੋਵੇਂ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਏ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਮਨਜੀਤ ਕੁਮਾਰ ਤੇ ਉਸ ਦੇ ਸਾਥੀ ਵਲੋਂ ਪਿੰਡ ਮੱਲੀਆ ਵਿਖੇ ਪਰਵਾਰਕ ਜੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੂ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਪੁਹੰਚਾਇਆ। ਡਾਕਟਰਾਂ ਨੇ ਪੀੜਤ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਲਈ ਰੈਫ਼ਰ ਕਰ ਦਿਤਾ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅਪਣੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ।