
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਅੰਦਰ ਕਾਂਗਰਸ ਵਿਰੁਧ ਧਰਨੇ ਲਗਾਉਣ ਦੀ ਬਜਾਏ ਅਪਣੀ ਭਾਈਵਾਲ
ਪਟਿਆਲਾ, 20 ਜੂਨ (ਤੇਜਿੰਦਰ ਫ਼ਤਿਹਪੁਰ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਅੰਦਰ ਕਾਂਗਰਸ ਵਿਰੁਧ ਧਰਨੇ ਲਗਾਉਣ ਦੀ ਬਜਾਏ ਅਪਣੀ ਭਾਈਵਾਲ ਭਾਜਪਾ ਪਾਰਟੀ ਦੇ ਹੈੱਡ ਕੁਆਟਰਾਂ 'ਤੇ ਜਾ ਕੇ ਧਰਨੇ ਲਗਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 14 ਦਿਨਾਂ ਤੋਂ ਲਗਾਤਾਰ ਪਟਰੌਲ ਅਤੇ ਡੀਜ਼ਲ ਦੇ ਰੇਟਾਂ ਵਿਚ ਅਥਾਹ ਵਾਧਾ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਪ੍ਰਮਾਣ ਦਿਤਾ ਹੈ।
ਉਨ੍ਹਾਂ ਕਿਹਾ ਕਿ ਤੇਲ ਦਾ ਭਾਅ ਵਧਾ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਵਿਧਾਇਕ ਰਾਜਿੰਦਰ ਸਿੰਘ ਨੇ ਆਖਿਆ ਕਿ ਤੇਲ ਦੇ ਰੇਟ ਵਧਾ ਕੇ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਜੇਬਾਂ 'ਤੇ ਕੇਂਦਰ ਸਰਕਾਰ ਨੇ ਸਿੱਧੇ ਤੌਰ 'ਤੇ ਡਾਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਧਰਨੇ ਲਗਾ ਰਹੇ ਹਨ।
MLa rajinder Singh
ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਐਮ.ਐਸ.ਪੀ ਨੂੰ ਦੇਸ਼ ਦੀ ਆਰਥਿਕਤਾ 'ਤੇ ਬੋਝ ਦੱਸਣ ਵਾਲੇ ਨਿਤਿਨ ਗਡਕਰੀ ਨੂੰ ਸ਼ਾਇਦ ਦੇਸ਼ ਦੇ ਕਿਸਾਨ ਬੋਝ ਲੱਗਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੰਡੀਕਰਨ ਸਿਸਟਮ ਅਤੇ ਐਮ.ਐਸ.ਪੀ. ਨੂੰ ਖ਼ਤਮ ਕਰ ਕੇ ਕਿਸਾਨਾਂ ਅਤੇ ਖ਼ਾਸ ਕਰ ਕੇ ਪੰਜਾਬ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ''ਇਕ ਦੇਸ਼, ਇਕ ਮੰਡੀ'' ਕਾਨੂੰਨ ਲਾਗੂ ਹੋ ਗਿਆ ਤਾਂ ਪੰਜਾਬ ਦੀ ਕਿਰਸਾਨੀ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ ਵਿਚ ਡਟਣ। ਉਨ੍ਹਾਂ ਅੰਤ ਵਿਚ ਕਿਹਾ ਕਿ ਕੇਂਦਰ ਵਿਚ ਭਾਜਪਾ ਦੇ 7 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਅਤੇ ਆਮ ਵਰਗ 'ਤੇ ਵਾਧੂ ਬੋਝ ਪਾ ਕੇ ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਬਾਰੇ ਹੀ ਸੋਚਿਆ ਗਿਆ ਹੈ, ਜਿਸ ਕਾਰਨ ਆਮ ਵਰਗ ਕੁਚਲਿਆ ਜਾ ਰਿਹਾ ਹੈ।