
ਆਰਥਕ ਤੰਗੀ ਕਾਰਨ ਵਿਅਕਤੀ ਵਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ
ਸਾਦਿਕ, 20 ਜੂਨ (ਗੁਰਵਿੰਦਰ ਔਲਖ) : ਸਾਦਿਕ ਵਿਖੇ ਇਕ ਵਿਅਕਤੀ ਵਲੋਂ ਆਰਥਕ ਤੰਗੀ ਦੇ ਚਲਦਿਆਂ ਫਾਹਾ ਲਾ ਕੇ ਅਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਸਾਦਿਕ ਜੋ ਫ਼ਿਰੋਜ਼ਪੁਰ ਰੋਡ ਸਾਦਿਕ ਵਿਖੇ ਅਪਣੇ ਪਿਤਾ ਨਾਲ ਪੱਠਿਆਂ ਦੀ ਟਾਲ ਦਾ ਕੰਮ ਕਰਦਾ ਸੀ । ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਦੇ ਹਲਾਤ ਆਰਥਕ ਪੱਖੋਂ ਠੀਕ ਨਹੀਂ ਸਨ। ਜਿਸ ਕਰ ਕੇ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਗਿਆ। ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਪੱਠਿਆਂ ਦੀ ਟਾਲ ਦੇ ਸਾਹਮਣੇ ਦੁਕਾਨਾਂ ਦੇ ਪਿਛਲੇ ਪਾਸੇ ਫਾਹਾ ਲਾ ਲਿਆ। ਮਿਤ੍ਰਕ ਅਪਣੇ ਪਿੱਛੇ ਪਤਨੀ ਅਤੇ ਇਕ ਬੇਟੀ ਨੂੰ ਛੱਡ ਗਿਆ। ਇਸ ਮੌਕੇ ਏ.ਐਸ.ਆਈ. ਅੰਗਰੇਜ ਸਿੰਘ, ਨਗਿੰਦਰ ਸਿੰਘ ਅਤੇ ਰਸਾਲ ਸਿੰਘ ਥਾਣਾ ਸਾਦਿਕ ਨੇ ਪਹੁੰਚ ਕਿ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਲੈ ਗਏ।