
ਵਿਸ਼ਵ ਗਤਕਾ ਫ਼ੈਡਰੇਸ਼ਨ ਵਲੋਂ ਅੱਜ ਮਨਾਇਆ ਜਾਵੇਗਾ ਕੌਮਾਂਤਰੀ ਗਤਕਾ ਦਿਵਸ
ਇਸਮਾਕ ਐਵਾਰਡਾਂ ਲਈ ਹੋਣਗੇ ਆਨਲਾਈਨ
ਚੰਡੀਗੜ੍ਹ, 20 ਜੂਨ (ਸੁਰਜੀਤ ਸਿੰਘ ਸੱਤੀ) ਵਿਸ਼ਵ ਗਤਕਾ ਫ਼ੈਡਰੇਸ਼ਨ (ਰਜਿ.), ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) (ਇਸਮਾਕ) ਅਤੇ ਗਲੋਬਲ ਮਿਡਾਸ ਫ਼ਾਊਂਡੇਸ਼ਨ ਵਲੋਂ ਅੱਜ 21 ਜੂਨ ਨੂੰ ਵੱਖ-ਵੱਖ ਥਾਂਵਾਂ ’ਤੇ 7ਵਾਂ ਕੌਮਾਂਤਰੀ ਗਤਕਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਨਿਰੋਲ ਸ਼ਸ਼ਤਰ ਸਿੱਖ ਵਿਦਿਆ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿਚੋਂ ਇਕ ਲੜਕੇ ਤੇ ਇਕ ਲੜਕੀਆਂ ਸਮੇਤ ਇਕ ਗਤਕਾ ਖਿਡਾਰੀ/ਖਿਡਾਰਨ ਨੂੰ ਇਸਮਾਕ ਵਲੋਂ 2,100/2,100 ਰੁਪਏ ਤੇ 1,100 ਰੁਪਏ ਦੇ ‘ਇਸਮਾਕ ਐਵਾਰਡਾਂ’ ਤੇ ਟਰਾਫ਼ੀਆਂ ਨਾਲ ਸਨਮਾਨਤ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਇਸਮਾਕ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦਸਿਆ ਕਿ ਇਸਮਾਕ ਵਲੋਂ ਇਹ ਐਵਾਰਡ ਹਰ ਸਾਲ ਕੌਮਾਂਤਰੀ ਗਤਕਾ ਦਿਵਸ ਦੇ ਮੌਕੇ ਦਿਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਇਸਮਾਕ ਐਵਾਰਡਾਂ ਵਿਚ ਦੇਸ਼-ਵਿਦੇਸ਼ ਦੀਆਂ ਗਤਕਾ ਟੀਮਾਂ ਆਨਲਾਈਨ ਭਾਗ ਲੈ ਸਕਦੀਆਂ ਹਨ। ਹਰੇਕ ਟੀਮ ਵਿਚ 5 ਤੋਂ 8 ਖਿਡਾਰੀ/ਖਿਡਾਰਨਾਂ ਹੋਣ ਅਤੇ ਉਮਰ 10 ਤੋਂ 25 ਸਾਲ ਤਕ ਹੋਵੇ।
ਉਨ੍ਹਾਂ ਕਿਹਾ ਕਿ ਟੀਮਾਂ ਵਲੋਂ ਬਾਣੇ ਵਿਚ ਅਪਣੀ ਵੀਡੀਉ ਬਣਾ ਕੇ 21 ਜਾਂ 22 ਜੂਨ ਨੂੰ ਸ਼ਾਮ 5 ਵਜੇ ਤਕ ਈਮੇਲ 9SM13ouncil0gmail.com ਉਤੇ ਰਾਹੀਂ ਭੇਜੀ ਜਾਵੇ। ਉਪਰੰਤ ਇਸਮਾਕ ਦੀ ਆਫ਼ੀਸ਼ੀਅਲ ਕਮੇਟੀ ਵਲੋਂ ਸਾਰੀਆਂ ਵੀਡੀਉਜ਼ ਵਿਚ ਟੀਮਾਂ ਦੇ ਸ਼ਸ਼ਤਰ ਪ੍ਰਦਰਸ਼ਨ ਨੂੰ ਨਿਯਮਾਂ ਮੁਤਾਬਕ ਘੋਖਣ ਉਪਰੰਤ ਜੇਤੂ ਟੀਮਾਂ ਤੇ ਬਿਹਤਰ ਖਿਡਾਰੀ/ਖਿਡਾਰਨ ਦਾ ਐਲਾਨ ਕੀਤਾ ਜਾਵੇਗਾ ਜਿਨ੍ਹਾਂ ਨੂੰ ਵਿਸ਼ੇਸ ਸਮਾਗਮ ਦੌਰਾਨ ਨਗਦ ਇਨਾਮਾਂ ਅਤੇ ਇਸਮਾਕ ਟਰਾਫ਼ੀ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਟੀਫ਼ਿਕੇਟ ਦਿਤੇ ਜਾਣਗੇ।
ਸ. ਗਰੇਵਾਲ, ਜੋ ਕਿ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵੀ ਹਨ, ਨੇ ਦਸਿਆ ਕਿ ਸ਼ਸ਼ਤਰ ਪ੍ਰਦਰਸ਼ਨ ਦੌਰਾਨ ਟੀਮ ਵਲੋਂ ਬਣਾਈ ਵੀਡੀਉ 3 ਤੋਂ 5 ਮਿੰਟ ਦੀ ਹੋਵੇ ਅਤੇ ਇਸਮਾਕ ਦੀ ਗਤਕਾ ਨਿਯਮਾਂਵਲੀ ਅਨੁਸਾਰ ਸਿਰਫ਼ ਪ੍ਰਵਾਨਿਤ ਸ਼ਸ਼ਤਰ ਹੀ ਵਰਤੇ ਜਾਣ। ਉਨ੍ਹਾਂ ਕਿਹਾ ਕਿ ਸ਼ਸ਼ਤਰ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਾਜ਼ੀਗਿਰੀ ਜਾਂ ਸਟੰਟਬਾਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।