
ਪੰਜਾਬ ਵਿਚ ਇਸ ਸਮੇਂ ਵਿਧਾਨ ਸਭਾ 2022 ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ
ਅੰਮ੍ਰਿਤਸਰ - ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਪੰਜਾਬ ਆ ਰਹੇ ਹਨ। ਉਹਨਾਂ ਦੇ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿਚ ਕੇਜਰੀਵਾਲ ਗੋ ਬੈਕ ਦੇ ਪੋਸਟਰ ਲੱਗੇ ਨਜ਼ਰ ਆਏ। ਐਤਵਾਰ ਦੇ ਦਿਨ ਕੇਜਰੀਵਾਲ ਦੇ ਪੰਜਾਬ ਆਉਣ ਦੇ ਟਵੀਟ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ।
ਦੇਰ ਰਾਤ ਪੰਜਾਬ ਯੂਥ ਕਾਂਗਰਸ ਵੱਲੋਂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚਹੇਤੇ ਸੌਰਵ ਮਦਾਨ ਮਿੱਠੂ ਵੱਲੋਂ ਸ਼ਹਿਰ ਵਿਚ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਲਗਾਏ ਗਏ ਅਤੇ ਉਨ੍ਹਾਂ ਬੋਰਡਾਂ ’ਤੇ ਲਿਖਿਆ ਕਿ ‘ਪਹਿਲਾਂ ਦਿੱਲੀ ਸੁਧਾਰੋ, ਫਿਰ ਪੰਜਾਬ ਵਿਚ ਆਓ’।
ਸ਼ਹਿਰ ਵਿਚ ਇਸ ਸਮੇਂ ਵਿਧਾਨ ਸਭਾ 2022 ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ, ਉਥੇ ਹੀ ਨੇਤਾ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਹੋਏ ਹਨ। ਸਿੱਧੂ ਦੇ ਚਹੇਤੇ ਮਿੱਠੂ ਮਦਾਨ ਵੱਲੋਂ ਲਗਾਏ ਗਏ ਬੋਰਡਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।