
ਵਾਸ਼ਿੰਗਟਨ ’ਚ ਗੋਲੀਬਾਰੀ ’ਚ ਨਾਬਾਲਗ਼ ਦੀ ਮੌਤ
ਵਾਸ਼ਿੰਗਟਨ, 20 ਜੂਨ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਹੋਈ ਗੋਲੀਬਾਰੀ ਵਿਚ ਇਕ ਨਾਬਾਲਗ ਦੀ ਮੌਤ ਹੋ ਗਈ ਅਤੇ ਇਕ ਪੁਲਿਸ ਅਧਿਕਾਰੀ ਸਮੇਤ ਕਈ ਹੋਰ ਜ਼ਖ਼ਮੀ ਹੋ ਗਏ ਹਨ। ਗੋਲੀਬਾਰੀ ਦੀ ਘਟਨਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 6 ਵਜੇ ਮੋਚੇਲਾ ਸੱਭਿਆਚਾਰਕ ਸਮਾਗਮ ਦੇ ਸਬੰਧ ਵਿਚ ਇਕ ਅਣਪਰਮਿਟੇਡ ਇਵੈਂਟ ਵਿਚ ਵਾਪਰੀ। ਡੀ.ਸੀ. ਵਿਭਾਗ ਨੇ ਟਵਿੱਟਰ ’ਤੇ ਕਿਹਾ, ‘ਮੈਟਰੋਪੋਲੀਟਨ ਪੁਲਿਸ ਵਿਭਾਗ 14ਵੀਂ ਅਤੇ ਯੂ ਸਟ੍ਰੀਟ, ਐਨ. ਡਬਲਿਊ. ਦੇ ਖੇਤਰ ਵਿਚ ਗੋਲੀਬਾਰੀ ਦੀ ਘਟਨਾ ’ਤੇ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਘਟਨਾ ਵਿਚ ਇਕ ਐੱਮ.ਪੀ.ਡੀ. ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿਤੀ ਗਈ ਹੈ।’ ਫੌਕਸ ਨਿਊਜ਼ ਨੇ ਇਕ ਐਮ.ਪੀ.ਡੀ. ਦੇ ਇਕ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਮੋਚੇਲਾ ਵਿਚ ਇਕ ਸਮਾਗਮ ਵਿਚ ਚਾਰ ਲੋਕਾਂ ਨੂੰ ਗੋਲੀ ਮਾਰ ਦਿਤੀ ਗਈ, ਜਿਸ ਵਿਚ ਇਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਐਮਪੀਡੀ ਮੁਖੀ ਰੌਬਰਟ ਜੇ. ਕੋਂਟੀ ਨੇ ਕਿਹਾ ਕਿ ਇਸ ਘਟਨਾ ਵਿਚ ਇਕ 15 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਇਲਾਜ ਮਗਰੋਂ ਪੁਲਿਸ ਅਧਿਕਾਰੀ ਦੀ ਸਥਿਤੀ ਸਥਿਰ ਦੱਸੀ ਗਈ ਹੈ। ਫਿਲਹਾਲ ਪੁਲਿਸ ਨੇ ਲੋਕਾਂ ਨੂੰ ਇਲਾਕੇ ਵਿਚ ਜਾਣ ਤੋਂ ਮਨਾ ਕੀਤਾ ਹੈ। (ਏਜੰਸੀ)