
ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਪੂਰੇ ਇਲਾਕੇ ਵਿਚ ਇਕੱਠਾ ਵੀਕਐਂਡ ਕਰਫ਼ਿਊ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਚੰਡੀਗੜ੍ਹ (ਤਰੁਣ ਭਜਨੀ): ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਪੂਰੇ ਇਲਾਕੇ ਵਿਚ ਇਕੱਠਾ ਵੀਕਐਂਡ ਕਰਫ਼ਿਊ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਚੰਡੀਗੜ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਇਕ ਪੱਤਰ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਭੇਜਿਆ ਹੈ। ਇਸ ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਸਿਰਫ਼ ਚੰਡੀਗੜ੍ਹ ਵਿਚ ਵੀਕਐਂਡ ਕਰਫ਼ਿਊ ਲਗਾਉਣ ਨਾਲ ਕੁੱਝ ਨਹੀਂ ਹੋਵੇਗਾ।
Chandighar
ਇਸ ਨੂੰ ਪੂਰਾ ਕਾਰਗਰ ਬਣਾਉਣ ਲਈ ਤਿੰਨੇ ਸ਼ਹਿਰਾਂ ਵਿਚ ਕਰਫ਼ਿਊ ਲਾਜ਼ਮੀ ਹੈ। ਇਸ ਲਈ ਉਨ੍ਹਾਂ ਨੇ ਦੋਹਾਂ ਰਾਜਾਂ ਤੋ ਸਹਿਮਤੀ ਮੰਗੀ ਹੈ। ਟਰਾਈਸਿਟੀ ਵਿਚ ਵਧਦੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਇਕੱਠੇ ਪੂਰੀ ਟਰਾਈਸਿਟੀ ਵਿਚ ਵੀਕਐਂਡ ਮਤਲਬ ਸ਼ਨੀਵਾਰ ਅਤੇ ਐਤਵਾਰ ਨੂੰ ਕਰਫ਼ਿਊ ਲਗਾਇਆ ਜਾਵੇ ਤਾਕਿ ਇਸ ਚੇਨ ਨੂੰ ਤੋੜਿਆ ਜਾ ਸਕੇ।
Vp Singh Badnor
ਇਹ ਕਰਫ਼ਿਊ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਲਗਾਇਆ ਜਾ ਸਕਦਾ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਵੀ ਮਨਜ਼ੂਰੀ ਦੇ ਦਿਤੀ ਹੈ। ਜਿਸ ਤੋਂ ਬਾਅਦ ਦੋਹਾਂ ਰਾਜਾਂ ਦੇ ਮੁੱਖ ਸਕੱਤਰੇਤ ਦੇ ਵੱਲੋਂ ਜਵਾਬ ਆਉਣ ਦੇ ਨਾਲ ਹੀ ਟਰਾਈਸਿਟੀ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਬੁਧਵਾਰ ਨੂੰ ਹੋਣ ਵਾਲੀ ਬੈਠਕ ਵਿਚ ਇਸ ਨੂੰ ਲੈ ਕੇ ਆਖਰੀ ਫ਼ੈਸਲਾ ਕਰੇਗਾ।
File Photo
ਜ਼ਿਕਰਯੋਗ ਹੈ ਕਿ ਪ੍ਰਸ਼ਾਸਕ ਇਸ ਤੋਂ ਪਹਿਲਾਂ ਵੀ ਕਈਂ ਵਾਰ ਸ਼ਹਿਰ ਵਿਚ ਵੀਕਐਂਡ ਕਰਫ਼ਿਉ ਲਗਾਉਣ ਵਾਰੇ ਕਹਿ ਚੁੱਕੇ ਹਨ। ਲੋਕ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਨਿਯਮਾਂ ਨੂੰ ਪੂਰੀ ਤਰ੍ਹਾਂ ਨਹੀਂ ਮੰਨ ਰਹੇ ਹਨ, ਜਿਸ ਕਰ ਕੇ ਪ੍ਰਸ਼ਾਸਕ ਨੇ ਪੁਲਿਸ ਨੂੰ ਸ਼ਹਿਰ ਵਿਚ ਸਖ਼ਤੀ ਕਰਨ ਤੋਂ ਇਲਾਵਾ ਵੱਖ ਵੱਖ ਏਰੀਆ ਵਿਚ ਫ਼ਲੈਗ ਮਾਰਚ ਕਰਨ ਲਈ ਵੀ ਕਿਹਾ ਹੈ ਤਾਂਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ।