
ਭਲਕੇ ਹੜਤਾਲ ਕਰ ਕੇ ਡਰਾਈਵਰ ਤੇ ਕੰਡਕਟਰ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਵੇਗੀ ਸਮੂਹ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ
ਚੰਡੀਗਰ੍ਹ - ਸਮੂਹ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਅੱਜ ਜੋ ਚੰਡੀਗੜ੍ਹ ਡਿਪੂ PB65BB4893 ਨੰਬਰ ਬੱਸ ਤੇ ਡਿਊਟੀ ਦੌਰਾਨ ਡਰਾਇਵਰ ਸਤਿਗੁਰੂ ਸਿੰਘ CH355 ਅਤੇ ਕਡੰਕਟਰ ਜਗਸੀਰ ਸਿੰਘ PCB181 ਹਿਮਾਚਲ ਪ੍ਰਦੇਸ਼ ਦੇ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਆਉਣ ਦੇ ਕਾਰਨ ਪਾਣੀ ਦੀ ਮਾਰ ਵਿਚ 2 ਸਾਥੀਆਂ ਦੀ ਮੌਤ ਹੋਈ ਸੀ। ਪਹਿਲਾਂ ਤਾਂ ਮੈਨੇਜਮੈਂਟ ਨੇ ਉਹਨਾਂ ਸਾਥੀਆਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜਦੋਂ ਜੱਥੇਬੰਦੀ ਨੇ ਸਾਰੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਇਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ।
ਦੂਸਰੇ ਸਾਥੀਆਂ ਤੋਂ ਪਤਾ ਕੀਤਾ ਤਾਂ ਉਹਨਾਂ ਦਾ ਵੀ ਇਹਨਾਂ ਨਾਲ ਕੋਈ ਸੰਪਰਕ ਨਾ ਹੋਇਆ। ਜਥੇਬੰਦੀ ਦੇ ਆਗੂਆਂ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਹਿਮਾਚਲ ਦੇ ਵਿਚ ਕਈ ਥਾਵਾਂ 'ਤੇ ਪਾਣੀ ਬਹੁਤ ਜ਼ਿਆਦਾ ਹੈ ਤੇ ਪਹਾੜ ਵੀ ਖਿਸਕ ਗਏ ਹਨ ਤੇ ਬਹੁਤ ਲੋਕ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਵੱਖ-ਵੱਖ ਤਸੀਵਰਾਂ ਸਾਂਝੀਆਂ ਕੀਤੀ ਜਦੋਂ ਡਰਾਇਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਪਰਿਵਾਰ ਅਤੇ ਮਨੇਜਮੈਂਟ ਨਾਲ ਰਾਬਤਾ ਕਾਇਮ ਕੀਤਾ ਗਿਆ।
ਜਥੇਬੰਦੀ ਦੇ ਦੱਸਣ 'ਤੇ ਵੀ ਮੈਨੇਜਮੈਂਟ ਨੇ ਵਰਕਰਾਂ ਦੇ ਪਰਿਵਾਰ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਡਰਾਇਵਰ ਸਤਿਗੁਰੂ ਸਿੰਘ ਦੀ ਮ੍ਰਿਤਕ ਦੇਹ ਘਰ ਲੈ ਕੇ ਆਉਣ ਦੇ ਵਿਚ ਕੋਈ ਮਦਦ ਕੀਤੀ ਅਤੇ ਨਾ ਹੀ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ। ਜਥੇਬੰਦੀ ਤੇ ਵਰਕਰਾਂ ਦੇ ਭਾਰੀ ਵਿਰੋਧ ਨੂੰ ਵੇਖਦੇ ਹੋਏ ਸਤਿਗੁਰੂ ਸਿੰਘ ਤੇ ਜਗਸੀਰ ਸਿੰਘ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦੇਣ ਦੀ ਲਿਖਤੀ ਰੂਪ ਵਿਚ ਸਹਿਮਤੀ ਬਣਾਈ ਗਈ ਸੀ, ਉਸ ਤੋਂ ਬਾਅਦ ਯੂਨੀਅਨ ਵੱਲੋਂ ਮੈਨੇਜਮੈਂਟ ਨਾਲ ਵਾਰ-ਵਾਰ ਰਾਬਤਾ ਕਾਇਮ ਕੀਤਾ ਗਿਆ ਪਰ ਮੈਨੇਜਮੈਂਟ ਨੇ ਕਿਹਾ ਕਿ ਅੱਜ ਚੈੱਕ ਕੱਟਦੇ ਹਾਂ ਕੱਲ੍ਹ ਕੱਟਦੇ ਹਾਂ, ਉਹਨਾਂ ਨੇ ਇਸੇ ਤਰ੍ਹਾਂ ਹੀ ਟਾਲ-ਮਟੋਲ ਕੀਤਾ।
ਉਹਨਾਂ ਨੇ ਇੱਥੋ ਤੱਕ ਵੀ ਭਰੋਸਾ ਦਿੱਤਾ ਸੀ ਕਿ ਐਤਵਾਰ ਨੂੰ ਭੋਗ 'ਤੇ ਚੈਕ ਦਿੱਤੇ ਜਾਣਗੇ, ਅੱਜ ਮਨੇਜਮੈਂਟ ਲਿਖਤੀ ਰੂਪ ਵਿਚ ਦਿੱਤੇ ਹੋਏ ਭਰੋਸੇ ਤੋਂ ਭੱਜਦੀ ਦਿਖਾਈ ਦੇ ਰਹੀ ਹੈ। ਉਲਟਾ ਟਰਾਂਸਪੋਰਟ ਮੰਤਰੀ ਪੰਜਾਬ ਨੇ ਪ੍ਰੈਸ ਬਿਆਨ ਰਾਹੀਂ ਜੋ ਬਿਆਨ ਦਿੱਤਾ ਹੈ ਬਹੁਤ ਹੀ ਨਿੰਦਣਯੋਗ ਹੈ। ਕਰਮਚਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਤਾਂ ਕੀ ਕਰਨੀ ਸੀ, ਉਹਨਾਂ ਨੇ ਪਰਿਵਾਰ ਦੇ ਜ਼ਖਮਾਂ 'ਤੇ ਮੱਲਮ ਤਾਂ ਕੀ ਲਗਾਉਣੀ ਸੀ, ਉਹਨਾਂ ਪਰਿਵਾਰਾਂ ਦੇ ਜਖਮ ਤੇ ਲੂਣ ਲਗਾਉਣ ਦਾ ਕੰਮ ਕੀਤਾ। ਟਰਾਂਸਪੋਰਟ ਮੰਤਰੀ ਦੇ ਇਸ ਬਿਆਨ ਦਾ ਟਰਾਂਸਪੋਰਟ ਵਿਭਾਗ ਦੇ ਕਾਮਿਆਂ ਨੇ ਸਖ਼ਤ ਵਿਰੋਧ ਕੀਤਾ, ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੱਥੇਬੰਦੀ ਅੱਜ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਉਹਨਾਂ ਨੇ ਕਿਹਾ ਕਿ ਮੈਨੇਜਮੈਂਟ ਪੈਸੇ ਦੇਣ ਦੇਣ ਦੀ ਬਜਾਏ ਯੂਨੀਅਨ ਨੂੰ ਹੜਤਾਲ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਭਲਕੇ 22 ਜੁਲਾਈ ਨੂੰ 12 ਵਜੇ ਤੋਂ ਬਾਅਦ ਬੱਸਾਂ ਬੰਦ ਕਰਕੇ ਯੂਨੀਅਨ ਅੰਤਿਮ ਅਰਦਾਸ ਦੇ ਵਿਚ ਸ਼ਾਮਲ ਹੋਵੇਗੀ।